ਡੇਰਾਬੱਸੀ : ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿੱਚ ਵੀ ਨਸ਼ਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜੋ ਕਿ ਨੌਜਵਾਨ ਮੁੰਡੇ- ਕੁੜੀਆਂ ਨੂੰ ਆਪਣੀ ਗ੍ਰਿਫਤ ਵਿੱਚ ਲਾ ਰਿਹਾ ਹੈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਲੜਕੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਲੜਕੀ ਦੀ ਭੈਣ ਦੀ ਸ਼ਿਕਾਇਤ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜਾ ਫਰਾਰ ਹੈ। ਫਿਲਹਾਲ ਮੁਹਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ 15 ਨਵੰਬਰ 2022 ਨੂੰ ਮੁਹਾਲੀ ਪੁਲਿਸ ਨੂੰ ਜ਼ੀਰਕਪੁਰ-ਡੇਰਾਬੱਸੀ ਰੋਡ ਨੇੜੇ ਖੇਤਾਂ ਵਿਚ ਖੜ੍ਹੀ ਪੋਲੋ ਕਾਰ ਵਿੱਚੋਂ ਇਕ ਲੜਕੀ ਦੀ ਲਾਸ਼ ਮਿਲੀ ਸੀ।
ਮ੍ਰਿਤਕਾ ਦੀ ਪਛਾਣ ਨਿਸ਼ਾ ਰਾਣਾ ਵਜੋਂ ਹੋਈ ਹੈ। ਲੜਕੀ ਕਾਂਗੜਾ ਦੀ ਰਹਿਣ ਵਾਲੀ ਸੀ। ਹਾਲਾਂਕਿ, ਉਹ ਡੇਰਾਬੱਸੀ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ।
ਮ੍ਰਿਤਕਾ ਨਿਸ਼ਾ ਰਾਣਾ ਦੀ ਭੈਣ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਨਿਸ਼ਾ ਡੇਰਾਬੱਸੀ ‘ਚ ਆਪਣੇ ਪਿਤਾ ਅਤੇ ਛੋਟੀ ਭੈਣ ਸਪਨਾ ਨਾਲ ਰਹਿੰਦੀ ਸੀ। ਉਸ ਦੀ ਮਾਂ ਅਗਸਤ 2022 ਵਿੱਚ ਕਾਂਗੜਾ, ਹਿਮਾਚਲ ਵਿੱਚ ਆਪਣੇ ਬੇਟੇ ਨਾਲ ਰਹਿਣ ਚਲੀ ਗਈ।
ਨਿਸ਼ਾ ਵਿਦੇਸ਼ ਵਿੱਚ ਸੈੱਟ ਹੋਣਾ ਚਾਹੁੰਦੀ ਸੀ। 15 ਨਵੰਬਰ ਨੂੰ ਨਿਸ਼ਾ ਨੇ ਆਪਣੀ ਭੈਣ ਸਪਨਾ ਨੂੰ ਕਿਹਾ ਕਿ ਉਹ ਅੱਜ ਰਾਤ ਟਰੈਵਲ ਏਜੰਟ ਜਲੰਧਰ ਵਾਸੀ ਅਜੈ ਅਤੇ ਮਾਨਵਗੀਤ ਸਿੰਘ ਨੂੰ ਮਿਲੇਗੀ। ਉਹ ਕਾਫੀ ਸਮੇਂ ਤੋਂ ਉਸ ਨੂੰ ਮਿਲਣ ਲਈ ਬੁਲਾ ਰਿਹਾ ਸੀ। ਦੋਵੇਂ ਨੌਜਵਾਨ ਨਿਸ਼ਾ ਨੂੰ ਖਰੜ ਸੈਕਟਰ-118 ਸਥਿਤ ਸ਼ਾਂਤੀ ਸਾਗਰ ਹੋਟਲ ਲੈ ਗਏ, ਜਿੱਥੇ ਉਪਰੋਕਤ ਦੋਵਾਂ ਨੇ ਨਿਸ਼ਾ ਨੂੰ ਸ਼ਰਾਬ ਪਿਲਾਈ।
ਇਸ ਦੌਰਾਨ ਸ਼ਰਾਬ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਦੋਵੇਂ ਰਾਤ ਭਰ ਉਸ ਨੂੰ ਕਾਰ ਵਿਚ ਇਧਰ-ਉਧਰ ਲੈ ਕੇ ਜਾਂਦੇ ਰਹੇ ਪਰ ਇਲਾਜ ਲਈ ਹਸਪਤਾਲ ਨਹੀਂ ਲੈ ਕੇ ਗਏ। ਜ਼ੀਰਕਪੁਰ ਥਾਣੇ ਵਿੱਚ ਦੋ ਨੌਜਵਾਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੋਸਟਮਾਰਟਮ ਵਿੱਚ ਖੁਲਾਸਾ ਹੋਇਆ ਹੈ ਕਿ ਨਿਸ਼ਾ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।