ਜਲੰਧਰ ’ਚ ਤੇਜ਼ ਰਫਤਾਰ ਕ੍ਰੇਟਾ ਕਾਰ ਨੇ 4 ਲੋਕਾਂ ਨੂੰ ਕੁਚਲ ਦਿੱਤਾ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਸਾਈਕਲ ’ਤੇ, ਦੋ ਸਕੂਟਰ ’ਤੇ ਅਤੇ ਇਕ ਮੋਟਰਸਾੀਕਲ ’ਤੇ ਸਵਾਰ ਸਨ। ਸਾਈਕਲ ਸਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ, ਜਦਕਿ SHO ਨੇ ਦੱਸਿਆ ਕਿ ਇਹ ਸ਼ਖ਼ਸ ਜ਼ਖ਼ਮੀ ਹੋਇਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕ੍ਰੇਟਾ ਗੱਡੀ ਇੱਕ ਇੱਕ ਨਾਬਾਲਗ ਚਲਾ ਰਿਹਾ ਸੀ। ਉਸ ਦੇ ਨਾਲ ਇੱਕ ਹੋਰ ਮੁੰਡਾ ਵੀ ਮੌਜੂਦ ਸੀ। ਉਹ ਵੀ ਨਾਬਾਲਗ ਹੈ। ਹਾਦਸੇ ਤੋਂ ਬਾਅਦ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀਆਂ ਮੁਤਾਬਕ ਹਾਦਸੇ ਸਮੇਂ ਕਾਰ ਦੀ ਰਫ਼ਤਾਰ 120 ਸੀ। ਪੁਲਿਸ ਨੇ ਕਾਰ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਸੋਮਵਾਰ ਸ਼ਾਮ ਨੂੰ ਵਾਪਰਿਆ ਹੈ।
ਇਸ ਘਟਨਾ ਵਿੱਚ ਜ਼ਖ਼ਮੀ ਹੋਏ ਅਲੀਪੁਰ ਇਲਾਕੇ ਦੇ ਰਹਿਣ ਵਾਲੇ ਮਨੀਸ਼ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ। ਉਹ ਮੋਟਰਸਾਈਕਲ ’ਤੇ ਜਲੰਧਰ ਹਾਈਟਸ ਮੋੜ ਤੋਂ ਆ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਆਈ, ਜੋ ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਅਤੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਤੋਂ ਬਾਅਦ ਅੱਗੇ ਜਾ ਕੇ ਇੱਕ ਕਾਰ ਨੇ ਇੱਕ ਐਕਟਿਵਾ ਤੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਕਾਰ ਉਪਰੋਂ ਲੰਘਦੇ ਹੋਏ ਕਾਰ ਦੇ ਪਿੱਛੇ ਜਾ ਡਿੱਗੇ। ਜਿਸ ਕਾਰਨ ਉਹ ਜ਼ਖਮੀ ਹੋ ਗਏ।
ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਚਾਰਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। 3 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਜਦਕਿ ਗੰਭੀਰ ਜ਼ਖਮੀ 40 ਸਾਲਾ ਮਾਲਾ ਨਾਮਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਮਾਲਾ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਕੰਮ ਤੋਂ ਘਰ ਪਰਤ ਰਿਹਾ ਸੀ।
ਘਟਨਾ ਵਾਲੀ ਥਾਂ ’ਤੇ ਮੌਜੂਦ ਮਾਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ ਪਰ ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐੱਸਐੱਚਓ ਜਗਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਮਾਲਾ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕ੍ਰੇਟਾ ਕਾਰ ਗਗਨਪਾਲ ਸਿੰਘ ਨਾਮਕ ਵਿਅਕਤੀ ਦੇ ਨਾਂ ਉੱਤੇ ਰਜਿਸਟਰਡ ਹੈ। ਉਸ ਨੇ ਇਹ ਕਾਰ ਕਿਸੇ ਹੋਰ ਤੋਂ ਖ਼ਰੀਦੀ ਹੈ। ਕਾਰ ਨੰਬਰ ਪੀਬੀ-07-ਬੀਪੀ-0060 ਹੁਸ਼ਿਆਰਪੁਰ ਦੀ ਆਰਟੀਓ ਸੂਚੀ ਵਿੱਚ ਦਰਜ ਹੈ। ਪੁਲਿਸ ਜਲਦ ਗਗਨਪਾਲ ਸਿੰਘ ਨੂੰ ਜਾਂਚ ਵਿੱਚ ਸ਼ਾਮਲ ਕਰੇਗੀ।