ਚੰਡੀਗੜ੍ਹ/ਲੁਧਿਆਣਾ (27 ਮਾਰਚ 2026): ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਵਿਰੁੱਧ ਦਰਜ ਕਰਵਾਏ ਗਏ ਮਾਣਹਾਨੀ ਦੇ ਮਾਮਲੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਜੇ ਸਿੰਘ ਦੀ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਬਿਕਰਮ ਮਜੀਠੀਆ ਤੋਂ ਦੁਬਾਰਾ ‘ਕ੍ਰਾਸ ਐਗਜ਼ਾਮੀਨੇਸ਼ਨ’ (ਸਵਾਲ-ਜਵਾਬ) ਕਰਨ ਦੇ ਹੁਕਮ ਦਿੱਤੇ ਹਨ।
ਸਰਕਾਰੀ ਵਕੀਲ ਫੈਰੀ ਸੋਫਤ ਨੇ ਜਾਣਕਾਰੀ ਦਿੱਤੀ ਕਿ ਇਹ ਮਾਮਲਾ 2016 ਦਾ ਹੈ। ਪਹਿਲਾਂ ਲੁਧਿਆਣਾ ਅਦਾਲਤ ਨੇ ਸੁਣਵਾਈ ਦੌਰਾਨ ਮਜੀਠੀਆ ਦੀ ਕ੍ਰਾਸ ਨੂੰ ਖ਼ਤਮ ਕਰ ਦਿੱਤਾ ਸੀ, ਜਿਸ ਵਿਰੁੱਧ ਸੰਜੇ ਸਿੰਘ ਨੇ 2021 ਵਿੱਚ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਹੁਣ ਹਾਈਕੋਰਟ ਨੇ ਸੰਜੇ ਸਿੰਘ ਨੂੰ ਮਜੀਠੀਆ ਤੋਂ ਮੁੜ ਸਵਾਲ ਪੁੱਛਣ ਦੀ ਇਜਾਜ਼ਤ ਦੇ ਦਿੱਤੀ ਹੈ। ਦੂਜੇ ਪਾਸੇ, ਅਦਾਲਤ ਨੇ ਮਜੀਠੀਆ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਤਿੰਨ ਹੋਰ ਗਵਾਹਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਸੀ।
ਕੀ ਹੈ ਪੂਰਾ ਮਾਮਲਾ?
ਸਾਲ 2015-16 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਜੇ ਸਿੰਘ ਨੇ ਮੋਗਾ ਦੀ ਇੱਕ ਰੈਲੀ ਦੌਰਾਨ ਬਿਕਰਮ ਮਜੀਠੀਆ ’ਤੇ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮ ਲਗਾਏ ਸਨ। ਉਨ੍ਹਾਂ ਮਜੀਠੀਆ ਨੂੰ ‘ਡਰੱਗ ਡੀਲਰ’ ਕਹਿ ਕੇ ਸੰਬੋਧਨ ਕੀਤਾ ਸੀ। ਇਨ੍ਹਾਂ ਇਲਜ਼ਾਮਾਂ ਨੂੰ ਬਿਨਾਂ ਸਬੂਤ ਅਤੇ ਅਕਸ ਖ਼ਰਾਬ ਕਰਨ ਵਾਲਾ ਦੱਸਦਿਆਂ ਮਜੀਠੀਆ ਨੇ ਜਨਵਰੀ 2016 ਵਿੱਚ ਲੁਧਿਆਣਾ ਅਦਾਲਤ ਵਿੱਚ ਸੰਜੇ ਸਿੰਘ ਵਿਰੁੱਧ ਫੌਜਦਾਰੀ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।

