‘ਦ ਖ਼ਾਲਸ ਬਿਊਰੋ ( ਮੁਹਾਲੀ ) :- ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ‘ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ DGP ਸੁਮੇਧ ਸੈਣੀ ਦੀ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲੀਸ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਜਿਸ ‘ਤੇ ਪੁਲੀਸ ਨੇ ਕੱਲ੍ਹ 11 ਸਤੰਬਰ ਨੂੰ ਵੀ ਸੈਣੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਸਮੇਤ ਹੋਰਨਾਂ ਥਾਵਾਂ ’ਤੇ ਛਾਪਾ ਮਾਰਿਆ ਹੈ।
ਮੁਹਾਲੀ ਪੁਲੀਸ ਦੀ ਵਿਸ਼ੇਸ਼ ਟੀਮ ‘SIT ਨੇ ਦਿੱਲੀ ਵਿੱਚ ਸੈਣੀ ਦੀ ਪਤਨੀ ਸ਼ੋਭਾ ਸੈਣੀ ਤੇ ਧੀ ਗਾਇਤਰੀ ਸੈਣੀ ਤੋਂ ਪੁੱਛ-ਗਿੱਛ ਕੀਤੀ। SIT ਦੇ ਇੱਕ ਮੈਂਬਰ ਮੁਤਾਬਕ ਪਰਿਵਾਰ ਦਾ ਕਹਿਣਾ ਹੈ ਕਿ ਸੈਣੀ ਕਰੀਬ 22 ਅਗਸਤ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਮੁਹਾਲੀ ਦੇ SP (ਡੀ) ਤੇ ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ ਤੋਂ ਇਸ ਸਬੰਧੀ ਹੋਰ ਵੇਰਵੇ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਸਿਰਫ਼ ਏਨਾ ਹੀ ਦੱਸਿਆ ਕਿ ਸੈਣੀ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਇਸ ਦੌਰਾਨ ਸੈਕਟਰ 10 ’ਚ ਸੁਮੇਧ ਸੈਣੀ ਦੇ ਕਾਰੋਬਾਰੀ ਦੋਸਤ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ। ਉਧਰ, ਸੁਮੇਧ ਸੈਣੀ ਵੱਲੋਂ ਸੁਪਰੀਮ ਕੋਰਟ ’ਚ ਦਾਖ਼ਲ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੋਮਵਾਰ 14 ਸਤੰਬਰ ਨੂੰ ਸੁਣਵਾਈ ਹੋਣ ਦੀ ਉਮੀਦ ਹੈ।
ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ‘ਡਿਫੈਕਟਿਡ ਲਿਸਟ’ ਵਿੱਚ ਪਾਈ
ਸੁਪਰੀਮ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ‘ਡਿਫੈਕਟਿਡ ਲਿਸਟ’ ‘ਚ ਪਾਉਣ ਕਾਰਨ ਹੁਣ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੁਣ ਹੋਰ ਜ਼ਿਆਦਾ ਵੱਧ ਗਈਆਂ ਹਨ। ਇਸ ਸਬੰਧੀ ਸੈਣੀ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਕੇ ਨਵੇਂ ਸਿਰਿਓਂ ਜ਼ਮਾਨਤ ਅਰਜ਼ੀ ਦਾਇਰ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਸਾਬਕਾ ਪੁਲੀਸ ਅਧਿਕਾਰੀ ਦੀ ਅਗਾਊਂ ਜ਼ਮਾਨਤ ਅਰਜ਼ੀ ਨਾਲ ਸੈਣੀ ਵੱਲੋਂ ਨੱਥੀ ਕੀਤਾ ਹਲਫ਼ਨਾਮਾ ਕਿਸੇ ਸਮਰੱਥ ਅਧਿਕਾਰੀ ਕੋਲੋਂ ਤਸਦੀਕਸ਼ੁਦਾ ਨਹੀਂ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿੱਚ ਹੋਰ ਵੀ ਕਈ ਊਣਤਾਈਆਂ/ਤਰੁੱਟੀਆਂ ਹਨ।