The Khalas Tv Blog Punjab ਜੇਲ੍ਹ ਤੋਂ ਲਾਰੈਂਸ ਦੇ ਇੰਟਰਵਿਊ ‘ਤੇ ਹਾਈਕੋਰਟ ਬਹੁਤ ਸਖਤ ! 2 ਘੰਟੇ ‘ਚ ਮੰਗੀ SIT ਦੀ ਜਾਂਚ ਰਿਪੋਰਟ !
Punjab

ਜੇਲ੍ਹ ਤੋਂ ਲਾਰੈਂਸ ਦੇ ਇੰਟਰਵਿਊ ‘ਤੇ ਹਾਈਕੋਰਟ ਬਹੁਤ ਸਖਤ ! 2 ਘੰਟੇ ‘ਚ ਮੰਗੀ SIT ਦੀ ਜਾਂਚ ਰਿਪੋਰਟ !

ਬਿਉਰੋ ਰਿਪੋਰਟ : ਪੰਜਾਬ ਹਰਿਆਣਾ ਹਾਈਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਜੇਲ੍ਹ ਵਿੱਚ ਇਸੇ ਸਾਲ ਫਰਵਰੀ ਮਹੀਨੇ ਵਿੱਚ 2 ਵਾਰ ਦਿੱਤੇ ਇੰਟਰਵਿਊ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਆਪ ਇਸ ਮਾਮਲਾ ਦਾ ਨੋਟਿਸ ਲਿਆ ਹੈ। ਜੱਜਾਂ ਦੀ ਡਬਲ ਬੈਂਚ ਨੇ ਮਾਨ ਸਰਕਾਰ ਨੂੰ ਪੁੱਛਿਆ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ, ਉਸ ਵਿੱਚ ਹੁਣ ਤੱਕ-ਤੱਕ ਕੀ ਹੋਇਆ ਉਸ ਦੀ ਰਿਪੋਰਟ 2 ਵਜੇ ਤੱਕ ਅਦਾਲਤ ਨੂੰ ਸੌਂਪੀ ਜਾਵੇ।

ਦਰਅਸਲ ਜੇਲ੍ਹਾਂ ਵਿੱਚ ਮੋਬਾਈਲ ਦੀ ਵਰਤੋਂ ਨੂੰ ਲੈ ਕੇ ਅਦਾਲਤ ਸੁਣਵਾਈ ਕਰ ਰਹੀ ਹੈ, ਇਸੇ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਲਾਰੈਂਸ  ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਸਵਾਲ ਕੀਤਾ ਅਤੇ ਰਿਪੋਰਟ ਤਲਬ ਕਰ ਲਈ ।

ਇਸੇ ਸਾਲ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਇੰਡ ਲਾਰੈਂਸ ਬਿਸ਼ਨੋਈ ਦਾ 2 ਵਾਰ ਇੰਟਰਵਿਊ ਦਿੱਤੀ ਸੀ। ਇਸ ਇੰਟਰਵਿਊ ਵਿੱਚ ਉਸ ਨੇ ਮੰਨਿਆ ਸੀ ਕਿ ਉਸ ਨੇ ਮੂਸੇਵਾਲਾ ਦਾ ਕਤਲ ਕੀਤਾ ਹੈ । ਅਤੇ ਉਸ ਨੇ ਕਤਲ ਦੀ ਸਾਜ਼ਿਸ਼ ਬਾਰੇ ਵੀ ਖ਼ੁਲਾਸਾ ਕੀਤਾ ਸੀ । ਪਹਿਲੇ ਇੰਟਰਵਿਊ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਸਾਹਮਣੇ ਆਏ ਸਨ ਅਤੇ ਉਨ੍ਹਾਂ ਨੇ ਇਸ ਨੂੰ ਪੰਜਾਬ ਦੀ ਜੇਲ੍ਹ ਤੋਂ ਬਾਹਰ ਦਾ ਦੱਸਿਆ ਸੀ ।

ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਸੀ ਲਾਰੈਂਸ ਦੀ ਪਹਿਲੇ ਇੰਟਰਵਿਊ ਵਿੱਚ ਦਾੜ੍ਹੀ ਵਧੀ ਹੋਈ ਹੈ ਅਤੇ ਉਸ ਦੇ ਵਾਲ ਵੀ ਵੱਡੇ ਹਨ । ਜਦਕਿ ਇਸ ਵੇਲੇ ਲਾਰੈਂਸ ਦੇ ਵਾਲ ਛੋਟੇ ਹਨ ਅਤੇ ਦਾੜ੍ਹੀ ਨਹੀਂ ਹੈ । ਇਸ ਤੋਂ ਇਲਾਵਾ ਡੀਜੀਪੀ ਨੇ ਇਹ ਕਿਹਾ ਸੀ ਕਿ ਇੰਟਰਵਿਉ ਵਿੱਚ ਲਾਰੈਂਸ ਨੇ ਗੋਇੰਦਵਾਲ ਜੇਲ੍ਹ ਵਿੱਚ ਜੱਗੂ ਭਗਵਾਨਪੁਰੀਆਂ ਦੇ ਨਾਲ ਹੋਈ ਹਿੰਸਕ ਵਾਰਦਾਤ ਦਾ ਜ਼ਿਕਰ ਨਹੀਂ ਕੀਤਾ ਹੈ । ਪਰ 24 ਘੰਟੇ ਦੇ ਅੰਦਰ ਚੈਨਲ ਦੇ ਵੱਲੋਂ ਲਾਰੈਂਸ ਦਾ ਇੱਕ ਹੋਰ ਇੰਟਰਵਿਊ ਟੈਲੀਕਾਸਟ ਕੀਤਾ ਗਿਆ ਸੀ ਜਿਸ ਵਿੱਚ ਲਾਰੈਂਸ ਦੇ ਵਾਲ ਵੀ ਛੋਟੇ ਸਨ ਅਤੇ ਦਾੜ੍ਹੀ ਵੀ ਨਹੀਂ ਸੀ ਅਤੇ ਉਸ ਵਿੱਚ ਲਾਰੈਂਸ ਨੇ ਜੱਗੂ ਭਗਵਾਨਪੁਰੀਆ ਦਾ ਵੀ ਜ਼ਿਕਰ ਕੀਤਾ ਸੀ।

ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਦੇ ਲਈ SIT ਦਾ ਗਠਨ ਕੀਤਾ ਗਿਆ ਸੀ । ਪਰ ਹੁਣ ਤੱਕ ਇਸ ਮਾਮਲੇ ਵਿੱਚ ਕੀ ਹੋਇਆ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ । ਜਿਸ ਦਾ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਸਖ਼ਤ ਨੋਟਿਸ ਲਿਆ ਹੈ ।

ਸਿੱਧੂ ਦੇ ਪਿਤਾ ਵੀ ਮੰਗ ਕਰ ਚੁੱਕੇ ਹਨ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਲਾਰੈਂਸ ਦੇ ਇੰਟਰਵਿਊ ਨੂੰ ਲੈ ਕੇ ਵਾਰ-ਵਾਰ ਪੰਜਾਬ ਸਰਕਾਰ ‘ਤੇ ਇਲਜ਼ਾਮ ਲੱਗਾ ਚੁੱਕੇ ਹਨ ਉਨ੍ਹਾਂ ਨੇ ਕਿਹਾ ਸੀ ਲਾਰੈਂਸ ਨੂੰ ਜੇਲ੍ਹ ਦੇ ਅੰਦਰ ਪੂਰੀਆਂ ਸਹੂਲਤਾਂ ਮਿਲ ਰਹੀਆਂ ਹਨ ਇਸੇ ਲਈ ਉਹ ਅਰਾਮ ਨਾਲ ਇੰਟਰਵਿਊ ਵੀ ਦੇ ਰਿਹਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤੱਕ Y-TUBE ‘ਤੇ ਲਾਰੈਂਸ ਦੇ ਇੰਟਰਵਿਊ ਦੀ ਮੌਜੂਦਗੀ ਨੂੰ ਲੈਕੇ ਵੀ ਸਵਾਲ ਚੁੱਕੇ ਹਨ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮੇਰੇ ਪੁੱਤਰ ਦਾ SYL ਦਾ ਗਾਣਾ ਮਿੰਟਾਂ ਵਿੱਚ ਬੈਨ ਕਰ ਦਿੱਤਾ ਗਿਆ,ਮਾਹੌਲ ਖਰਾਬ ਹੋਣ ਦਾ ਬਹਾਨਾ ਲਗਾਇਆ ਗਿਆ ਪਰ ਹੁਣ ਤੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸੋਸ਼ਲ ਮੀਡੀਆ ‘ਤੇ ਚੱਲ ਰਿਹਾ ਹੈ । ਇਸ ਨੂੰ ਹੁਣ ਤੱਕ ਹਟਾਇਆ ਨਹੀਂ ਗਿਆ ।

Exit mobile version