The Khalas Tv Blog Punjab ਪੰਜਾਬ ਦੇ ਪਿੰਡਾਂ ‘ਚ ਹਾਈ ਅਲਰਟ, ਕਿਸਾਨਾਂ ਦੀਆਂ ਫ਼ਸਲਾਂ ਵਿਚ ਪੁੱਜਾ ਰਾਵੀ ਦਰਿਆ ਦਾ ਪਾਣੀ
Punjab

ਪੰਜਾਬ ਦੇ ਪਿੰਡਾਂ ‘ਚ ਹਾਈ ਅਲਰਟ, ਕਿਸਾਨਾਂ ਦੀਆਂ ਫ਼ਸਲਾਂ ਵਿਚ ਪੁੱਜਾ ਰਾਵੀ ਦਰਿਆ ਦਾ ਪਾਣੀ

ਪਿਛਲੇ 24 ਘੰਟਿਆਂ ‘ਚ ਹਿਮਾਚਲ ਪ੍ਰਦੇਸ਼ ‘ਚ ਹੋਈ ਭਾਰੀ ਬਾਰਸ਼ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਭਗ 2 ਫੁੱਟ ਵਧਿਆ ਹੈ, ਜਿਸ ਨਾਲ ਬਿਆਸ ਦਰਿਆ ਦੇ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ‘ਚ ਹੜ੍ਹ ਦਾ ਖਤਰਾ ਵਧ ਗਿਆ ਹੈ।

ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਅਧਿਕਾਰੀਆਂ ਮੁਤਾਬਕ, ਲਗਾਤਾਰ ਬਾਰਸ਼ ਨੇ ਬਿਆਸ ਦਰਿਆ ‘ਚ ਪਾਣੀ ਦਾ ਵਹਾਅ ਵਧਾ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਪੌਂਗ ਡੈਮ ‘ਤੇ ਪਿਆ ਹੈ। ਡੈਮ ਦੇ ਸਪਿੱਲਵੇ ਗੇਟ ਹੋਰ ਖੋਲ੍ਹਣ ਦੀ ਸਥਿਤੀ ‘ਚ ਹਿਮਾਚਲ ਦੀ ਤਹਿਸੀਲ ਇੰਦੌਰਾ, ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ ਮੁਕੇਰੀਆਂ ਅਤੇ ਦਸੂਹਾ, ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ‘ਚ ਹੜ੍ਹ ਦਾ ਖਤਰਾ ਹੋਰ ਗੰਭੀਰ ਹੋ ਸਕਦਾ ਹੈ।

ਗੁਰਦਾਸਪੁਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਘੋਹਨੇਵਾਲਾ ‘ਚ ਰਾਵੀ ਦਰਿਆ ਦਾ ਪਾਣੀ ਕਈ ਕਿਸਾਨਾਂ ਦੀਆਂ ਜ਼ਮੀਨਾਂ ‘ਚ ਦਾਖਲ ਹੋ ਗਿਆ ਹੈ, ਜਿਸ ਨਾਲ ਝੋਨੇ ਅਤੇ ਕਮਾਦ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਸਾਬਕਾ ਸਰਪੰਚ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਰਾਵੀ ਦਾ ਪਾਣੀ ਥੋੜ੍ਹਾ ਬਾਹਰ ਆਇਆ ਸੀ, ਅਤੇ ਰਾਤ ਨੂੰ ਨੀਵੇਂ ਖੇਤਾਂ ‘ਚ ਪਾਣੀ ਭਰ ਗਿਆ, ਪਰ ਹਾਲੇ ਜ਼ਿਆਦਾ ਖਤਰਾ ਨਹੀਂ ਹੈ।ਪਾਣੀ ਦੇ ਪੱਧਰ ਨੂੰ ਨਿਯੰਤਰਣ ‘ਚ ਰੱਖਣ ਲਈ ਪੌਂਗ ਡੈਮ ਤੋਂ 59,881 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ‘ਚ ਛੱਡਿਆ ਜਾ ਰਿਹਾ ਹੈ, ਜਿਸ ‘ਚ 17,502 ਕਿਊਸਿਕ ਟਰਬਾਈਨਾਂ ਅਤੇ 42,379 ਕਿਊਸਿਕ ਸਪਿੱਲਵੇ ਗੇਟ ਰਾਹੀਂ ਸ਼ਾਮਲ ਹਨ।

ਸ਼ਾਮ 7 ਵਜੇ ਪੌਂਗ ਡੈਮ ‘ਚ ਪਾਣੀ ਦੀ ਆਮਦ 88,238 ਕਿਊਸਿਕ ਸੀ, ਅਤੇ ਪਾਣੀ ਦਾ ਪੱਧਰ 1,382.72 ਫੁੱਟ ਸੀ, ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 7 ਫੁੱਟ ਦੂਰ ਹੈ। ਸ਼ਾਹ ਨਹਿਰ ਬੈਰਾਜ ਤੋਂ 48,160 ਕਿਊਸਿਕ ਪਾਣੀ ਬਿਆਸ ‘ਚ ਅਤੇ 11,500 ਕਿਊਸਿਕ ਮੁਕੇਰੀਆਂ ਹਾਈਡਲ ਨਹਿਰ ‘ਚ ਛੱਡਿਆ ਜਾ ਰਿਹਾ ਹੈ।v

Exit mobile version