‘ਦ ਖ਼ਾਲਸ ਬਿਊਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਕੋਲ ਸ਼ਿਕਾਇਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਮੁੱਖ ਮੰਤਰੀ ਵੱਲੋਂ ਦਿੱਤੇ ਵੱਟਸਐਪ ਨੰਬਰ ਉੱਤੇ ਸਭ ਤੋਂ ਪਹਿਲੀ ਸ਼ਿਕਾਇਤ ਬਠਿੰਡਾ ਜ਼ਿਲ੍ਹੇ ਦੇ ਇੱਕ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦੀ ਕੀਤੀ ਗਈ ਹੈ। ਸਮਾਜ ਸੇਵੀ ਸਾਧੂ ਰਾਮ ਕੁਸ਼ਲਾ ਨੇ ਭੇਜੀ ਸ਼ਿਕਾਇਤ ਵਿੱਚ ਨਾਇਬ ਤਹਿਸੀਲਦਾਰ ਉੱਤੇ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ।
ਉਨ੍ਹਾਂ ਨੇ ਸਬੂਤਾਂ ਸਮੇਤ ਭੇਜੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਹ ਇੱਕ ਗਊਸ਼ਾਲਾ ਵਾਸਤੇ ਜ਼ਮੀਨ ਦਾਨ ਕਰਨੀ ਚਾਅ ਰਹੇ ਸਨ। ਜਦੋਂ ਉਹ ਆਪਣੀ ਦਾਨ ਦਿੱਤੀ ਜਾਣ ਵਾਲੀ ਜ਼ਮੀਨ ਦੀ ਰਜਿਸਟਰੀ ਕਰਾਉਣ ਲਈ ਸਵੇਰੇ ਸਾਢੇ ਦਸ ਵਜੇ ਤਹਿਸੀਲ ਦਫ਼ਤਰ ਪਹੁੰਚੇ ਤਾਂ ਤਹਿਸੀਲਦਾਰ ਆਨਾ ਕਾਨੀ ਕਰਦਾ ਰਿਹਾ। ਜਦੋਂ ਉਹ ਸਬ ਰਜਿਸਟਰ ਕੋਲ ਆਪਣਾ ਮਸਲਾ ਲੈ ਕੇ ਗਏ ਤਾਂ ਉਸਨੇ ਪਾਸੇ ਹੋ ਕੇ ਗੱਲ ਸੁਣਨ ਲਈ ਕਹਿ ਦਿੱਤਾ। ਰਸਿਟਰਾਰ ਵੱਲੋਂ ਰਜਿਸਟਰੀ ਲਿਖਣ ਵਾਲੇ ਵਕੀਲ ਦਾ ਮੁਨਸ਼ੀ ਨਾਇਬ ਤਹਿਸੀਲਦਾਰ ਕੋਲ ਗਿਆ ਅਤੇ ਉਸਦੇ ਕੰਨ ਵਿੱਚ ਇਸ਼ਾਰਾ ਕਰਨ ਉੱਤੇ ਵਸੀਕੇ ਤਸਦੀਕ ਕੀਤੇ ਗਏ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਜਿਸਟਰੀ ਕਰਾਉਣ ਲਈ ਤਿੰਨ ਹਜ਼ਾਰ ਤਹਿਸੀਲਦਾਰ ਅਤੇ ਦੋ ਹਜ਼ਾਰ ਚਪੜਾਸੀ ਲਈ ਮੰਗ ਕੀਤੀ ਗਈ। ਜਦੋਂ ਤੱਕ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ ਤਦ ਤੱਕ ਵਸੀਕੇ ਤਸਦੀਕ ਨਹੀਂ ਕੀਤੇ ਗਏ। ਸ਼ਿਕਾਇਤ ਵਿੱਚ ਹਲਫ਼ੀਆ ਬਿਆਨ ਉੱਤੇ ਸਾਰੀ ਡਿਟੇਲ ਦਿੱਤੀ ਗਈ ਹੈ। ਸ਼ਿਕਾਇਤਕਰਤਾ ਨੇ ਤਹਿਸੀਲਦਾਰ ਨੂੰ ਤੁਰੰਤ ਮੁਅੱਤਲ ਦੀ ਮੰਗ ਕਰਦਿਆਂ ਉਸਦੀ ਨਾਮੀ ਅਤੇ ਬੇ ਨਾਮੀ ਪ੍ਰਾਪਰਟੀ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਨਾਇਬ ਤਹਿਸੀਲਦਾਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠ ਦੱਸਿਆ ਹੈ।