ਬਿਉਰੋ ਰਿਪੋਰਟ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਬਾਵਧਨ ਵਿੱਚ ਅੱਜ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਦੋ ਪਾਇਲਟ ਅਤੇ ਇੱਕ ਇੰਜੀਨੀਅਰ ਸਵਾਰ ਸਨ। ਤਿੰਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬਾਵਧਨ ਦੇ ਕੇਕੇ ਕੰਸਟਰੱਕਸ਼ਨ ਹਿੱਲ ਨੇੜੇ ਸਵੇਰੇ 6:45 ਵਜੇ ਵਾਪਰੀ।
ਪੁਣੇ ਦੇ ਪਿੰਪਰੀ-ਚਿੰਚਵੜ ਦੇ ਡੀਸੀਪੀ ਵਿਸ਼ਾਲ ਗਾਇਕਵਾੜ ਨੇ ਦੱਸਿਆ ਕਿ ਹੈਲੀਕਾਪਟਰ ਨੇ ਆਕਸਫੋਰਡ ਗੋਲਫ ਕੋਰਸ ਦੇ ਹੈਲੀਪੈਡ ਤੋਂ ਮੁੰਬਈ ਦੇ ਜੁਹੂ ਲਈ ਉਡਾਣ ਭਰੀ ਸੀ। ਕਰੀਬ 10 ਮਿੰਟ ਬਾਅਦ ਹੀ ਇਹ ਹੈਲੀਕਾਪਟਰ ਡੇਢ ਕਿਲੋਮੀਟਰ ਦੀ ਦੂਰੀ ’ਤੇ ਕਰੈਸ਼ ਹੋ ਗਿਆ। ਇਹ ਹਾਦਸਾ ਪਹਾੜੀ ਇਲਾਕੇ ’ਚ ਵਾਪਰਿਆ। ਸਵੇਰੇ ਉੱਥੇ ਸੰਘਣੀ ਧੁੰਦ ਛਾਈ ਹੋਈ ਸੀ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ।
ਪੁਣੇ ਦੇ ਚੀਫ ਫਾਇਰ ਅਫ਼ਸਰ ਦੇਵੇਂਦਰ ਪ੍ਰਭਾਕਰ ਪੋਟਫੋਡੇ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਕਾਰਜ ਲਈ ਦੋ ਐਂਬੂਲੈਂਸ ਅਤੇ ਚਾਰ ਫਾਇਰ ਇੰਜਨ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਹੈਲੀਕਾਪਟਰ ਦੇ ਸਾਰੇ ਹਿੱਸੇ ਚਕਨਾਚੂਰ ਹੋ ਗਏ। ਜਦ ਟੀਮ ਉੱਥੇ ਪਹੁੰਚੀ ਤਾਂ ਅੱਗ ਬਲ ਰਹੀ ਸੀ।
ਹੈਲੀਕਾਪਟਰ ਹੈਰੀਟੇਜ ਐਵੀਏਸ਼ਨ ਨਾਂ ਦੀ ਨਿੱਜੀ ਕੰਪਨੀ ਦਾ ਸੀ। ਪਾਇਲਟ ਅਤੇ ਇੰਜੀਨੀਅਰ ਦੋਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਡੀਸੀਪੀ ਵਿਸ਼ਾਲ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। DGCA ਮਾਮਲੇ ਦੀ ਜਾਂਚ ਕਰੇਗਾ।
40 ਦਿਨਾਂ ਦੇ ਅੰਦਰ ਪੁਣੇ ਵਿੱਚ ਹੈਲੀਕਾਪਟਰ ਹਾਦਸੇ ਦੀ ਦੂਜੀ ਘਟਨਾ
ਪੁਣੇ ਵਿੱਚ 40 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 24 ਅਗਸਤ ਨੂੰ ਪੁਣੇ ਦੇ ਪੌਡ ਇਲਾਕੇ ’ਚ ਵੀ ਇੱਕ ਹੈਲੀਕਾਪਟਰ ਕਰੈਸ਼ ਹੋਇਆ ਸੀ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ਵਿੱਚ ਇੱਕ ਪਾਇਲਟ ਅਤੇ ਤਿੰਨ ਯਾਤਰੀ ਸਵਾਰ ਸਨ। ਇਸ ਹਾਦਸੇ ’ਚ ਪਾਇਲਟ ਜ਼ਖਮੀ ਹੋ ਗਿਆ। ਬਾਕੀ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ।