ਇਟਲੀ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਇਟਲੀ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਨੇ ਪਿਛਲੇ 170 ਸਾਲਾਂ ਦਾ ਰਿਕਾਰਡ ਤੋੜਿਆ ਹੈ। ਜਿਸ ਨਾਲ ਇਟਲੀ ਦੇ ਸੂਬਾ ਲੰਬਰਦੀਆ, ਵੇਨੇਤੋ ਤੇ ਇਮੀਲੀਆ ਰੋਮਾਨਾ ਦਾ ਜਨਜੀਵਤ ਪ੍ਰਭਾਵਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਰਸ਼ ਨਾਲ ਕਈ ਸੜਕਾਂ ‘ਤੇ ਹੜ੍ਹ ਵਾਂਗ ਪਾਣੀ ਭਰ ਗਿਆ। ਇਕ ਇਲਾਕੇ ਦੇ ਘਰਾਂ ਵਿਚ ਵੀ ਪਾਣੀ ਦੇ ਨਾਲ ਸਮੁੰਦਰ ਦੀਆਂ ਮੱਛੀਆਂ ਦੇ ਆਉਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ।
ਮੀਂਹ ਦਾ ਪਾਣੀ ਸਕੂਲਾਂ ਵਿਚ ਵੀ ਵੜ ਜਾਣ ਦੀ ਖਬਰਾਂ ਸਾਹਮਣੇ ਆਈਆਂ ਹਨ। ਪ੍ਰਸ਼ਾਸ਼ਨ ਦੁਆਰਾ ਬੜੀ ਮੁਸਤੈਦੀ ਨਾਲ ਬੱਚਿਆਂ ਨੂੰ ਬਾਹਰ ਕਢਿਆ ਗਿਆ। ਲੰਬਾਰਦੀਆਂ ਅਤੇ ਹੋਰ ਸੂਬਿਆ ਦੀਆਂ ਨਦੀਆ ਵਿਚ ਪਾਣੀ ਦਾ ਵਹਾਅ ਕਾਫ਼ੀ ਵਧਿਆ ਹੋਇਆ ਹੈ। ਇਟਲੀ ਦੇ ਮੁੱਖ ਹਾਈਵੇ ਏ-4 ਤੇ ਵੀ ਕਈ ਜਗ੍ਹਾ ਪਾਣੀ ਭਰਿਆ ਦੇਖਿਆ ਗਿਆ।
ਇਸ ਹੜ੍ਹ ਵਰਗੇ ਹਾਲਾਤ ਵਿਚ ਭਾਵੇਂ ਸਥਾਨਕ ਪ੍ਰਸ਼ਾਸਨ ਨੇ ਤੁਰਤ ਹਰਕਤ ਵਿਚ ਆ ਕੇ ਹੈਲੀਕਾਪਟਰ ਅਤੇ ਐਂਬੂਲੈਂਸਾਂ ਦੇ ਨਾਲ ਪੁੱਜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਪਰ ਲੋਕ ਫਿਰ ਵੀ ਘਬਰਾਏ ਹੋਏ ਦੇਖੇ ਜਾ ਰਹੇ ਹਨ। ਇਸ ਭਾਰੀ ਮੀਂਹ ਨਾਲ ਲੋਕਾਂ ਦੇ ਘਰਾਂ ਤੇ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਲੋਕ ਇਨ੍ਹਾਂ ਹਲਾਤ ਨਾਲ ਜੂਝਦੇ ਨਜਰ ਆ ਰਹੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ, ਲੋਕਾਂ ਦੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ।
ਇਥੇ ਇਹ ਵੀ ਦਸਣਯੋਗ ਹੈ ਕਿ ਜਿਥੇ ਕੋਰੋਨਾ ਮਹਾਂਮਾਰੀ ਨੇ ਇਟਲੀ ਨੂੰ ਬੁਰੀ ਤਰ੍ਹਾਂ ਝੰਬਿਆ ਹੈ, ਉੱਥੇ ਹੀ ਆਏ ਦਿਨ ਆਉਂਦੇ ਛੋਟੇ ਛੋਟੇ ਭੂਚਾਲ ਦੇ ਝਟਕੇ, ਖ਼ਰਾਬ ਮੌਸਮ ਦਾ ਸਾਹਮਣਾ ਇਟਲੀ ਦੇ ਬਾਸ਼ਿੰਦਿਆਂ ਨੂੰ ਕਈ ਵਾਰ ਕਰਨਾ ਪਿਆ ਹੈ। ਇਸ ਭਾਰੀ ਮੀਂਹ ਕਾਰਨ ਇਟਲੀ ਦੇ ਕਈ ਇਲਾਕੇ ਮੌਸਮ ਵਿਭਾਗ ਨੇ ਪੀਲੇ ਖ਼ਤਰੇ ਦੇ ਨਿਸ਼ਾਨ ਵਿਚ ਐਲਾਨ ਦਿਤੇ ਹਨ ਜਿਥੇ ਕਿ ਜੇਕਰ ਭਾਰੀ ਮੀਂਹ ਦੁਬਾਰਾ ਪੈ ਜਾਂਦਾ ਹੈ ਤਾਂ ਹੜ੍ਹ ਆ ਸਕਦਾ ਹੈ ਕਿਉਂ ਕਿ ਨਦੀਆਂ ਦੇ ਕਿਨਾਰੇ ਤੇਜ ਪਾਣੀ ਦੇ ਵਹਾਅ ਨੇ ਬੁਰੀ ਤਰ੍ਹਾਂ ਪ੍ਰਭਾਵਤ ਕੀਤੇ ਹੋਏ ਹਨ।
ਇਹ ਵੀ ਪੜ੍ਹੋ – ਚੋਣ ਪ੍ਰਚਾਰ ਦੌਰਾਨ ਕਨ੍ਹਈਆ ਕੁਮਾਰ ਨੂੰ ਇੱਕ ਵਿਅਕਤੀ ਨੇ ਮਾਰਿਆ ਥੱਪੜ