ਪੰਜਾਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ 9 ਜ਼ਿਲ੍ਹਿਆਂ ‘ਚ ਇਹ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਸੰਗਰੂਰ , ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਵਿੱਚ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ। ਅੱਜ ਸਵੇਰ ਤੋਂ ਹੀ ਚੰਡੀਗੜ੍ਹ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਰਾਜਪੁਰਾ ਸਮੇਤ ਕਈ ਥਾਵਾਂ ’ਤੇ ਭਾਰੀ ਮੀਂਹ ਪੈ ਰਿਹਾ ਹੈ।
ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ‘ਚ ਹੋਈ ਬਾਰਿਸ਼ ਦਾ ਅਸਰ ਪੰਜਾਬ ‘ਤੇ ਵੀ ਦੇਖਣ ਨੂੰ ਮਿਲਿਆ। ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਮੌਜੂਦਾ ਪੰਜਾਬ ਭਵਿੱਖਬਾਣੀ:26/08/2025 06:01:3. ਸੰਗਰੂਰ , ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਵਿੱਚ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ pic.twitter.com/nUdeDM7Y0b
— IMD Chandigarh (@IMD_Chandigarh) August 26, 2025
ਰਣਜੀਤ ਸਾਗਰ ਤੋਂ ਛੱਡੇ ਗਏ ਪਾਣੀ ਕਾਰਨ ਰਾਵੀ ਵਿੱਚ ਹੜ੍ਹ ਆ ਗਿਆ ਹੈ। ਇਸਦਾ ਪ੍ਰਭਾਵ ਪਠਾਨਕੋਟ ਵਿੱਚ ਵਧੇਰੇ ਦੇਖਿਆ ਗਿਆ। ਗੁਰਦਾਸਪੁਰ ਦੇ ਮਕੋਰਾ ਪਾਟਨ ਦੇ 7 ਪਿੰਡਾਂ ਦਾ ਭਾਰਤ ਨਾਲ ਸੰਪਰਕ ਟੁੱਟ ਗਿਆ ਹੈ। ਇਸ ਦੇ ਨਾਲ ਹੀ ਜਲੰਧਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਅਤੇ ਅੰਮ੍ਰਿਤਸਰ ਦੇ ਅਜਨਾਲਾ ਅਤੇ ਰਈਆ ਬਲਾਕਾਂ ਦੇ ਸਕੂਲਾਂ ਵਿੱਚ ਅੱਜ ਛੁੱਟੀ ਹੈ। ਜਦੋਂ ਕਿ ਫਾਜ਼ਿਲਕਾ ਦੇ ਲਗਭਗ 20 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਭਾਖੜਾ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਸਤਲੁਜ ਵਿੱਚ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਸਤਲੁਜ ਦਾ ਪਾਣੀ ਦਾ ਪੱਧਰ ਇਸ ਸਮੇਂ ਆਮ ਵਾਂਗ ਹੈ। ਹਰੀਕੇ ਹੈੱਡਵਰਕਸ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਖੇਤਰਾਂ ਵਿੱਚ ਦੇਖਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ 11 ਅਗਸਤ ਤੋਂ ਆਪਣੇ ਘਰਾਂ ਵਿੱਚ ਫਸੇ ਹੋਏ ਹਨ।
ਪੂਰੇ ਸੂਬੇ ‘ਚ ਮੀਂਹ ਦਾ ਅਲਰਟ
ਪੰਜਾਬ ‘ਚ ਅੱਜ ਸਾਰੇ ਜ਼ਿਲ੍ਹਿਆਂ ‘ਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਕੱਲ੍ਹ ਦੋ ਜ਼ਿਲ੍ਹਿਆਂ- ਪਠਾਨਕੋਟ ਤੇ ਗੁਰਦਾਸਪੁਰ ‘ਚ ਬਾਰਿਸ਼ ਦਾ ਯੈਲੇ ਅਲਰਟ ਜਾਰੀ ਕੀਤਾ ਗਿਆ ਹੈ।