The Khalas Tv Blog Punjab ਪੰਜਾਬ ‘ਚ 3 ਦਿਨਾਂ ਤੱਕ ਭਾਰੀ ਮੀਂਹ, ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ‘ਚ ਅਲਰਟ ਕੀਤਾ ਜਾਰੀ
Punjab

ਪੰਜਾਬ ‘ਚ 3 ਦਿਨਾਂ ਤੱਕ ਭਾਰੀ ਮੀਂਹ, ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ‘ਚ ਅਲਰਟ ਕੀਤਾ ਜਾਰੀ

Heavy rain in Punjab for 3 days, Meteorological Department issued alert in 9 districts

ਚੰਡੀਗੜ੍ਹ : ਪੰਜਾਬ ਦੀਆਂ ਜ਼ਿਆਦਾਤਰ ਨਦੀਆਂ ਉਫਾਨ ‘ਤੇ ਹਨ। ਇਸ ਨਾਲ ਸੂਬੇ ਦੇ ਨਦੀ ਕਿਨਾਰੇ ਇਲਾਕਿਆਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਤੇ ਅੰਮ੍ਰਿਤਸਰ ਵਿਚ ਅੱਜ ਤੋਂ ਤਿੰਨ ਦਿਨਾਂ ਲਈ ਮੀਂਹ ਦਾ ਅਲਰਟ ਐਲਾਨਿਆ ਹੈ। ਦੂਜੇ ਪਾਸੇ ਚੰਡੀਗੜ੍ਹ ਵਿਚ ਵੀ ਤਿੰਨ ਦਿਨ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਪਠਾਨਕੋਟ ਵਿੱਚ 26 ਜੁਲਾਈ ਤੋਂ 28 ਜੁਲਾਈ ਤੱਕ ਯੈਲੋ ਅਲਰਟ ਕੀਤਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿਚ 28 ਜੁਲਾਈ ਨੂੰ ਗਰਜ ਚਮਕ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਅੰਮ੍ਰਿਤਸਰ ਅਤੇ ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਵਿੱਚ 29 ਜੁਲਾਈ ਨੂੰ ਗਰਜ ਚਮਕ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 26, 27 ਅਤੇ 28 ਜੁਲਾਈ ਨੂੰ ਗਰਜ ਚਮਕ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਮੌਸਮ ਵਿਭਾਗ ਨੇ ਮੀਂਹ ਦੌਰਾਨ ਸਾਵਧਾਨੀ ਨਾਲ ਵਾਹਨ ਚਲਾਉਣ, ਦਰੱਖਤਾਂ ਹੇਠਾਂ ਆਸਰਾ ਲੈਣ, ਜਲ ਸਰੋਤਾਂ ਦੇ ਕੋਲ ਨਾ ਜਾਣ ਤੇ ਬਹੁਤ ਜ਼ਰੂਰੀ ਹੋਣ ‘ਤੇ ਘਰ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ। ਸਤਲੁਜ ਨਦੀ ਇਕ ਵਾਰ ਫਿਰ ਉਫਾਨ ‘ਤੇ ਹੈ। ਇਸ ਨਾਲ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਕਾਫੀ ਨੁਕਸਾਨ ਹੋਇਆ ਹੈ। ਫਾਜ਼ਿਲਕਾ ਵਿਚ ਭਾਰਤ-ਪਾਕਿ ਸਰਹੱਦ ‘ਤੇ ਵਸੇ ਪਿੰਡ ਢਾਣੀ ਨੱਥਾ ਸਿੰਘ ਵਾਲਾ ਵਿਚ ਪੁਲ ਪੂਰੀ ਤਰ੍ਹਾਂ ਡੁੱਬ ਗਿਆ ਜਿਸ ਨਾਲ ਪਿੰਡ ਢਾਣੀਆਂ ਦਾ ਜਲਾਲਾਬਾਦ ਨਾਲ ਸੰਪਰਕ ਟੁੱਟ ਗਿਆ ਹੈ। ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੋਂ ਦੋ ਕਿਸ਼ਤੀਆਂ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂ ਵਾਲਾ ਵਿਚ ਹੜ੍ਹ ਨਾਲ ਕਈ ਮਕਾਨ ਢਹਿ ਗਏ ਹਨ। ਪਿੰਡ ਵਾਲਿਆਂ ਨੂੰ ਆਪਣੇ ਮਕਾਨਾਂ ਦੀ ਛੱਤ ‘ਤੇ ਸਾਮਾਨ ਲੈ ਕੇ ਬੈਠਣ ਪਿਆ। ਕਈ ਪਿੰਡ ਵਾਲਿਆਂ ਨੇ ਉਥੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸ਼ਰਨ ਲਈ ਹੈ। ਪਾਣੀ ਘਰਾਂ ਵਿਚ ਵੜ ਗਿਆ ਹੈ। ਫਿਰੋਜ਼ਪੁਰ ਦੇ 8 ਅਤੇ ਫਾਜ਼ਿਲਕਾ ਦੇ 10 ਸਕੂਲ 29 ਤੱਕ ਬੰਦ ਕਰ ਦਿੱਤੇ ਗਏ ਹਨ। ਜਲੰਧਰ ਦੇ ਲੋਹੀਆਂ ਤੇ ਪਟਿਆਲਾ ਦੇ ਕੁਝ ਇਲਾਕਿਆਂ ਵਿਚ ਵੀ ਅਜੇ ਤੱਕ ਸਕੂਲ ਨਹੀਂ ਖੁੱਲ੍ਹ ਸਕੇ ਹਨ।

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਵੀ ਹੜ੍ਹ ਦਾ ਖਤਰਾ ਬਰਕਰਾਰ ਹੈ। ਇਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਧੁੱਸੀ ਬੰਨ੍ਹ ‘ਤੇ 24 ਘੰਟੇ ਗਸ਼ਤ ਦਾ ਹੁਕਮ ਦਿੱਤਾ ਹੈ। ਅਹਿਤਿਆਤ ਦੇ ਤੌਰ ‘ਤੇ ਮਿੱਟੀ ਨਾਲ ਭਰੇ 15000 ਬੈਗ ਤਿਆਰ ਰੱਖੇ ਗਏ ਹਨ। ਪਠਾਨਕੋਟ ਵਿਚ ਰਾਵੀ ਦੇ ਆਸ-ਪਾਸ ਦੇ ਕੁਝ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਮੰਗਲਵਾਰ ਨੂੰ ਪਏ ਮੀਂਹ ਨਾਲ ਸ਼ਹਿਰੀ ਇਲਾਕਿਆਂ ਵਿਚ ਵੀ ਪਾਣੀ ਭਰ ਗਿਆ।

ਸੂਬਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੜ੍ਹ ਤੋਂ ਪ੍ਰਭਾਵਿਤ ਮਕਾਨਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਸਾਰੇ ਜ਼ਿਲ੍ਹਾ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਜਲਦ ਇਸ ਦੀ ਰਿਪੋਰਟ ਬਣਾ ਕੇ ਭੇਜਣ ਤਾਂ ਕਿ ਲੋਕਾਂ ਨੂੰ ਸਮੇਂ ‘ਤੇ ਮੁਆਵਜ਼ਾ ਦਿੱਤਾ ਜਾ ਸਕੇ। ਸੂਬੇ ਵਿਚ ਹੜ੍ਹ ਕਾਰਨ ਲਗਭਗ 1000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।

Exit mobile version