The Khalas Tv Blog Punjab ਭਾਰੀ ਮੀਂਹ ਨੇ ਮਚਾਈ ਹਾਹਾਕਾਰ, ਪੰਜਾਬ ਦੇ ਇਸ ਇਲਾਕੇ ‘ਚ ਅਚਾਨਕ ਆਇਆ ਪਾਣੀ
Punjab

ਭਾਰੀ ਮੀਂਹ ਨੇ ਮਚਾਈ ਹਾਹਾਕਾਰ, ਪੰਜਾਬ ਦੇ ਇਸ ਇਲਾਕੇ ‘ਚ ਅਚਾਨਕ ਆਇਆ ਪਾਣੀ

ਪਿਛਲੇ 2-3 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਸਰਹੱਦੀ ਸੈਕਟਰ ਬਮਿਆਲ ਨੇੜੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵਧ ਗਿਆ ਹੈ, ਜਿਸ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਵੇਰੇ 7 ਵਜੇ ਦੇ ਕਰੀਬ ਦਰਿਆ ਦਾ ਪਾਣੀ ਇੰਨਾ ਵਧਿਆ ਕਿ ਇਲਾਕੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਣ ਲੱਗਾ। ਦਰਿਆ ਦੇ ਕੰਢਿਆਂ ‘ਤੇ ਉਗਾਈਆਂ ਫਸਲਾਂ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ।

ਪਿੰਡ ਅਨਿਆਲ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਪਾਣੀ ਦਾਖਲ ਹੋਣ ਦੀਆਂ ਖਬਰਾਂ ਹਨ।ਬਮਿਆਲ ਦੇ ਮਨਵਾਲ ਅਤੇ ਮੰਗਵਾਲ ਮੋੜ ਦੇ ਨੇੜਲੇ ਘਰਾਂ ਵਿੱਚ ਵੀ ਪਾਣੀ ਵੜ ਗਿਆ, ਜਿਸ ਨਾਲ 3-4 ਘਰਾਂ ਨੂੰ ਨੁਕਸਾਨ ਪਹੁੰਚਿਆ। ਇੱਕ ਪੋਟਰੀ ਫਾਰਮ, ਗੁੱਜਰ ਪਰਿਵਾਰਾਂ ਦੇ ਘਰ ਅਤੇ ਕਿਸਾਨਾਂ ਦੀਆਂ ਮੋਟਰਾਂ ਵੀ ਪਾਣੀ ਦੀ ਲਪੇਟ ਵਿੱਚ ਆ ਗਈਆਂ।

ਮਨਵਾਲ ਮੰਗਵਾਲ ਦੇ ਇੱਕ ਪੀੜਤ ਨੇ ਦੱਸਿਆ ਕਿ ਸਵੇਰੇ ਅਚਾਨਕ ਪਾਣੀ ਘਰ ਵਿੱਚ ਵੜ ਗਿਆ, ਜਿਸ ਕਾਰਨ ਸਮਾਨ ਬਚਾਉਣ ਦਾ ਮੌਕਾ ਨਾ ਮਿਲਿਆ। ਕੀਮਤੀ ਸਮਾਨ, ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬ ਗਿਆ। ਪੀੜਤ ਨੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਨੁਕਸਾਨ ਬਹੁਤ ਹੋਇਆ।

ਦਤਿਆਲ ਤੋਂ ਬਮਿਆਲ ਅਤੇ ਫਤਿਹਪੁਰ ਨੂੰ ਜੋੜਨ ਵਾਲੀ ਸੜਕ ਵੀ ਪਾਣੀ ਵਿੱਚ ਡੁੱਬ ਗਈ, ਜਿਸ ਨਾਲ ਆਵਾਜਾਈ ਵਿੱਚ ਭਾਰੀ ਪਰੇਸ਼ਾਨੀ ਹੋ ਰਹੀ ਹੈ। ਮੰਗਵਾਲ ਮੋੜ ਦੀ ਪੁਲਿਸ ਚੌਕੀ ਵੀ ਪਾਣੀ ਦੇ ਘੇਰੇ ਵਿੱਚ ਹੈ। ਜਲਾਲੀਆ ਦਰਿਆ ਵਿੱਚ ਹੜ੍ਹ ਦੀ ਸਥਿਤੀ ਨੇ ਇਲਾਕੇ ਦੇ ਲੋਕਾਂ ਨੂੰ ਗੰਭੀਰ ਮੁਸੀਬਤ ਵਿੱਚ ਪਾ ਦਿੱਤਾ ਹੈ। ਇਹ ਸਮੱਸਿਆ ਇਸ ਖੇਤਰ ਵਿੱਚ ਅਕਸਰ ਵੇਖਣ ਨੂੰ ਮਿਲਦੀ ਹੈ, ਜਿਸ ਨਾਲ ਨੁਕਸਾਨ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ।

 

Exit mobile version