Punjab and Chandigarh : ਪੰਜਾਬ ਵਿੱਚ ਅੱਜ ਮੌਸਮ ਦਾ ਮਿਜ਼ਾਜ ਹੀ ਬਦਲ ਗਿਆ ਹੈ। ਪੰਜਾਬ ਦੇ ਕਈ ਸੂਬਿਆਂ ‘ਚ ਠੰਡ ਕੋਹਰਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਭਾਰੀ ਠੰਡ ਦਾ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਅੱਜ ਸੰਘਣੀ ਧੁੰਦ ਪਈ ਹੈ।
ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਠੰਡ ਆਪਣੇ ਸਿਖਰ ‘ਤੇ ਹੋਵੇਗੀ। ਅੱਜ ਸੰਘਣੀ ਧੁੰਦ ਨਾਲ ਠੰਢ ਦੀ ਸ਼ੁਰੂਆਤ ਹੋ ਗਈ ਹੈ। ਸਵੇਰ ਤੋਂ ਹੀ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਸੜਕਾਂ ’ਤੇ ਆਵਾਜਾਈ ਦੀ ਰਫ਼ਤਾਰ ਹੌਲੀ ਹੋ ਗਈ। ਧੁੰਦ ਦਾ ਪ੍ਰਭਾਵ ਦੁਪਹਿਰ ਤੱਕ ਜਾਰੀ ਰਿਹਾ।
ਚੰਡੀਗੜ੍ਹ ਦੀ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) 375 ਨੂੰ ਪਾਰ ਕਰ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਇੱਥੇ ਸਾਹ ਲੈਣਾ ਰੋਜ਼ਾਨਾ ਵੀਹ ਸਿਗਰਟਾਂ ਪੀਣ ਵਾਂਗ ਹੈ। ਜੋ ਸਿਹਤ ਲਈ ਬਹੁਤ ਖਤਰਨਾਕ ਹੈ।
ਜਦੋਂ ਕਿ ਪੰਜਾਬ ਦੇ ਗੋਬਿੰਦਗੜ੍ਹ, ਮੰਡੀਗੜ੍ਹ ਵਿੱਚ ਸਭ ਤੋਂ ਵੱਧ 269 AQI ਦਰਜ ਕੀਤਾ ਗਿਆ ਹੈ। ਸੂਬੇ ਦੇ ਤਾਪਮਾਨ ‘ਚ 24 ਘੰਟਿਆਂ ‘ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 30.4 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 15 ਨਵੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।
ਦੂਜੇ ਪਾਸੇ ਅੱਜ ਮੌਸਮ ਦੀ ਇਸ ਕਰਵਟ ਨੇ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਲਈ ਬੈਠੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਫ਼ਸਲ ਵਿੱਚ ਨਮੀ ਵੱਧ ਹੋਣ ਕਾਰਨ ਝੋਨੇ ‘ਚ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਧੁੰਦ ਅਤੇ ਠੰਢ ਨਾਲ ਕਿਸਾਨ ਮੰਡੀਆਂ ਵਿੱਚ ਹੋਰ ਰੁਲਣਗੇ, ਕਿਉਂਕਿ ਪਹਿਲਾਂ ਹੀ ਨਮੀ ਦੇ ਬਹਾਨਾ ਝੋਨੇ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਹੁਣ ਧੁੰਦ ਤੇ ਠੰਢ ਕਾਰਨ ਫਸਲ ਵਿੱਚ ਨਮੀ ਦੀ ਮਾਤਰਾ ਘਟਣ ਦੀ ਬਜਾਏ ਹੋਰ ਵਧੇਗੀ।