The Khalas Tv Blog International ਜਾਪਾਨ ‘ਚ ਭੂਚਾਲ ਕਾਰਨ ਆਈ ਭਾਰੀ ਤਬਾਹੀ, ਇਕ ਦਿਨ ‘ਚ 155 ਝਟਕੇ, ਘੱਟੋ-ਘੱਟ 8 ਲੋਕਾਂ ਦੀ ਮੌਤ…
International

ਜਾਪਾਨ ‘ਚ ਭੂਚਾਲ ਕਾਰਨ ਆਈ ਭਾਰੀ ਤਬਾਹੀ, ਇਕ ਦਿਨ ‘ਚ 155 ਝਟਕੇ, ਘੱਟੋ-ਘੱਟ 8 ਲੋਕਾਂ ਦੀ ਮੌਤ…

Heavy destruction caused by earthquake in Japan, 155 shocks in one day, at least 8 people died

ਜਾਪਾਨ ‘ਚ ਲੋਕ ਕਾਫੀ ਦਹਿਸ਼ਤ ‘ਚ ਹਨ, ਜਿੱਥੇ ਸੋਮਵਾਰ ਤੋਂ ਕਰੀਬ 18 ਘੰਟਿਆਂ ‘ਚ 155 ਭੂਚਾਲ ਆ ਚੁੱਕੇ ਹਨ। ਸਭ ਤੋਂ ਤੇਜ਼ ਭੂਚਾਲ ਦੇ ਝਟਕੇ ਇਸ਼ੀਕਾਵਾ ਵਿੱਚ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 7.6 ਅਤੇ ਦੂਜੇ ਦੀ ਤੀਬਰਤਾ 6 ਤੋਂ ਵੱਧ ਸੀ।

ਜਾਪਾਨ ਦੇ ਮੌਸਮ ਵਿਗਿਆਨ ਦਫ਼ਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਮਵਾਰ (ਸਥਾਨਕ ਸਮਾਂ) ਸ਼ਾਮ 4 ਵਜੇ ਤੋਂ ਬਾਅਦ ਆਏ ਜ਼ਿਆਦਾਤਰ ਭੂਚਾਲ ਰਿਕਟਰ ਪੈਮਾਨੇ ‘ਤੇ 3 ਤੋਂ ਜ਼ਿਆਦਾ ਤੀਬਰਤਾ ਦੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਇਨ੍ਹਾਂ ਭੂਚਾਲਾਂ ਦੀ ਤੀਬਰਤਾ ਹੌਲੀ-ਹੌਲੀ ਘੱਟ ਗਈ ਹੈ, ਫਿਰ ਵੀ ਮੰਗਲਵਾਰ ਨੂੰ ਘੱਟੋ-ਘੱਟ ਛੇ ਵੱਡੇ ਝਟਕੇ ਮਹਿਸੂਸ ਕੀਤੇ ਗਏ।

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਕਿ ਮੱਧ ਜਾਪਾਨ ਵਿੱਚ ਨਵੇਂ ਸਾਲ ਦੇ ਦਿਨ ਆਏ ਭੂਚਾਲ ਨੇ “ਵਿਆਪਕ” ਨੁਕਸਾਨ ਅਤੇ ਬਹੁਤ ਸਾਰੇ ਜਾਨੀ ਨੁਕਸਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਪੀੜਤਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਨਿਊਜ਼ ਏਜੰਸੀ ਏਐਫਪੀ ਨੇ ਕਿਸ਼ਿਦਾ ਦੇ ਹਵਾਲੇ ਨਾਲ ਕਿਹਾ, ‘(ਭੂਚਾਲ) ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ, ਜਿਸ ਵਿੱਚ ਕਈ ਮੌਤਾਂ, ਇਮਾਰਤਾਂ ਦਾ ਢਹਿ ਜਾਣਾ ਅਤੇ ਅੱਗ ਸ਼ਾਮਲ ਹੈ।’

ਜਾਪਾਨ ‘ਚ 7.6 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਇਸ਼ੀਕਾਵਾ ਇਲਾਕੇ ‘ਚ 32 ਹਜ਼ਾਰ 500 ਘਰਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਕਿਓਡੋ ਨਿਊਜ਼ ਏਜੰਸੀ ਨੇ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਭੂਚਾਲ ਕਾਰਨ ਇਸ਼ਿਕਾਵਾ ‘ਚ ਕਈ ਘਰ ਢਹਿ ਗਏ ਹਨ।

ਨਿਊਜ਼ ਏਜੰਸੀ ਏਐਫਪੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਾਪਾਨ ਨੇ ਹਾਲਾਂਕਿ ਸੁਨਾਮੀ ਦੀਆਂ ਸਾਰੀਆਂ ਚੇਤਾਵਨੀਆਂ ਹਟਾ ਲਈਆਂ ਹਨ। ਸੋਮਵਾਰ ਨੂੰ ਆਏ ਜ਼ਬਰਦਸਤ ਭੂਚਾਲ ਅਤੇ ਇੱਕ ਮੀਟਰ ਤੋਂ ਵੱਧ ਉੱਚੀਆਂ ਸੁਨਾਮੀ ਲਹਿਰਾਂ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ‘ਤੇ ਭਾਰੀ ਅੱਗ ਲੱਗ ਗਈ, ਜਿਸ ਨਾਲ ਰਾਤੋਂ-ਰਾਤ ਭਾਰੀ ਨੁਕਸਾਨ ਹੋਇਆ। ਅਧਿਕਾਰੀ ਅਜੇ ਵੀ ਸੋਮਵਾਰ ਦੇ ਭੂਚਾਲ ਕਾਰਨ ਹੋਏ ਨੁਕਸਾਨ ਦੇ ਪੈਮਾਨੇ ਦਾ ਮੁਲਾਂਕਣ ਕਰ ਰਹੇ ਹਨ।

ਜਾਪਾਨੀ ਨਿਊਜ਼ ਪ੍ਰਸਾਰਕਾਂ ਨੇ ਢਹਿ-ਢੇਰੀ ਇਮਾਰਤਾਂ, ਇੱਕ ਬੰਦਰਗਾਹ ਵਿੱਚ ਡੁੱਬੀਆਂ ਕਿਸ਼ਤੀਆਂ ਅਤੇ ਅਣਗਿਣਤ ਸੜੇ ਹੋਏ ਘਰਾਂ ਦੀ ਫੁਟੇਜ ਦਿਖਾਈ, ਜੋ ਭੂਚਾਲ ਕਾਰਨ ਹੋਏ ਭਾਰੀ ਨੁਕਸਾਨ ਨੂੰ ਦਰਸਾਉਂਦੀ ਹੈ। ਕਈ ਲੋਕ ਭੂਚਾਲ ਦੇ ਡਰ ਕਾਰਨ ਕੜਾਕੇ ਦੀ ਠੰਢ ਵਿੱਚ ਸਾਰੀ ਰਾਤ ਘਰਾਂ ਤੋਂ ਬਾਹਰ ਹੀ ਰਹੇ।

Exit mobile version