The Khalas Tv Blog India ਲੂ ਕਾਰਨ ਹੁਣ ਤੱਕ 110 ਲੋਕਾਂ ਦੀ ਮੌਤ! 40,000 ਤੋਂ ਵੱਧ ਲੋਕਾਂ ਨੂੰ ਲੱਗੀ ਲੂ, ਸਿਹਤ ਵਿਭਾਗ ਦੇ ਅੰਕੜੇ
India

ਲੂ ਕਾਰਨ ਹੁਣ ਤੱਕ 110 ਲੋਕਾਂ ਦੀ ਮੌਤ! 40,000 ਤੋਂ ਵੱਧ ਲੋਕਾਂ ਨੂੰ ਲੱਗੀ ਲੂ, ਸਿਹਤ ਵਿਭਾਗ ਦੇ ਅੰਕੜੇ

ਇਸ ਵਾਰ ਦੇਸ਼ ਵਿੱਚ ਭਿਅੰਕਰ ਗਰਮੀ ਪੈ ਰਹੀ ਹੈ। 1 ਮਾਰਚ ਤੋਂ 18 ਜੂਨ ਦਰਮਿਆਨ ਲੂ ਦੀ ਵਜ੍ਹਾ ਕਰਕੇ ਇਸ ਵਾਰ ਦੇਸ਼ ਵਿੱਚ ਘੱਟੋ-ਘੱਟ 110 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ 40,000 ਤੋਂ ਜ਼ਿਆਦਾ ਲੋਕਾਂ ਨੂੰ ਲੂ ਲੱਗਣ ਨਾਲ ਪੀੜਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਅੰਕੜੇ ਅੱਜ (ਵੀਰਵਾਰ, 20 ਜੂਨ) ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ।

ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਵੱਲੋਂ ਰਾਸ਼ਟਰੀ ਗਰਮੀ ਨਾਲ ਸਬੰਧਤ ਬਿਮਾਰੀ ਅਤੇ ਮੌਤ ਨਿਗਰਾਨੀ ਤਹਿਤ ਜਾਰੀ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਲੂ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਇੱਥੇ ਲੂ ਲੱਗਣ ਕਾਰਨ ਲਗਭਗ 36 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਬਿਹਾਰ, ਰਾਜਸਥਾਨ ਅਤੇ ਓਡੀਸ਼ਾ ਆਉਂਦੇ ਹਨ ਜਿੱਥੇ ਲੂ ਲੱਗਣ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ।

ਦੱਸ ਦੇਈਏ ਸਿਹਤ ਮੰਤਰਾਲੇ ਕੋਲ ਉਪਲੱਬਧ ਇਹ ਅੰਕੜੇ ਸੂਬਿਆਂ ਵੱਲੋਂ ਦਿੱਤੇ ਗਏ ਅੰਤਿਮ ਅੰਕੜੇ ਨਹੀਂ ਹਨ। ਇਸ ਲਈ ਇਹ ਗਿਣਤੀ ਵਧ ਵੀ ਸਕਦੀ ਹੈ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਕੱਲੇ 18 ਜੂਨ ਨੂੰ ਹੀ ਲੂ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋਈ ਹੈ। ਉੱਤਰੀ ਤੇ ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸੇ ਲੰਬੇ ਸਮੇਂ ਤੋਂ ਭਿਆਨਕ ਲੂ ਦੀ ਚਪੇਟ ਵਿੱਚ ਹਨ, ਜਿਸ ਕਾਰਨ ਹੀਟ ਸਟਰੋਕ ਕਾਰਨ ਮੌਤਾਂ ਵਿੱਚ ਵਾਧਾ ਹੋਇਆ ਹੈ।

ਸਿਹਤ ਮੰਤਰੀ ਜੇਪੀ ਨੱਡਾ ਨੇ ਦਿੱਤੇ ਨਿਰਦੇਸ਼

ਸਿਹਤ ਮੰਤਰੀ ਜੇਪੀ ਨੱਡਾ ਨੇ ਬੀਤੇ ਦਿਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ‘ਵਿਸ਼ੇਸ਼ ਹੀਟ ਵੇਵ’ ਯੂਨਿਟ ਸ਼ੁਰੂ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਹਸਪਤਾਲ ਗਰਮੀ ਤੋਂ ਪ੍ਰਭਾਵਿਤ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ।

ਕੇਂਦਰੀ ਸਿਹਤ ਮੰਤਰੀ ਦੇ ਨਿਰਦੇਸ਼ਾਂ ਤਹਿਤ ਸਿਹਤ ਮੰਤਰਾਲੇ ਨੇ ਗਰਮੀ ਦੇ ਮੱਦੇਨਜ਼ਰ ਸੂਬਿਆਂ ਦੇ ਸਿਹਤ ਵਿਭਾਗਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਦੇ ਤਹਿਤ ਰਾਸ਼ਟਰੀ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ (ਐਨਪੀਸੀਸੀਐਚਐਚ) ਤਹਿਤ ਰਾਜ ਦੇ ਨੋਡਲ ਅਧਿਕਾਰੀਆਂ ਨੂੰ 1 ਮਾਰਚ ਤੋਂ ਰੋਜ਼ਾਨਾ ਹੀਟ ਸਟਰੋਕ ਦੇ ਮਾਮਲਿਆਂ ਅਤੇ ਮੌਤਾਂ ਅਤੇ ਕੁੱਲ ਮੌਤਾਂ ਦੇ ਅੰਕੜੇ ਜਾਰੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਗਰਮੀ ਨਾਲ ਸਬੰਧਿਤ ਬਿਮਾਰੀਆਂ ਤੇ ਮੌਤ ਦਰ ਨਿਗਰਾਨੀ ਅਧੀਨ ਉਨ੍ਹਾਂ ਦੀ ਜਾਣਕਾਰੀ ਜਾਰੀ ਕਰਨ ਲਈ ਵੀ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਹਸਪਤਾਲਾਂ ਵਿੱਚ ਗਰਮੀ ਤੇ ਹੀਟ ਸਟਰੋਕ ਦੇ ਮਾਮਲਿਆਂ ਦੀ ਜਲਦੀ ਜਾਂਚ ਦੀ ਪ੍ਰਣਾਲੀ ‘ਤੇ ਵੀ ਜ਼ੋਰ ਦਿੱਤਾ ਗਿਆ ਹੈ। ਸਿਹਤ ਸਹੂਲਤਾਂ ਵਿੱਚ ਪੀਣ ਵਾਲਾ ਲੋੜੀਂਦਾ ਪਾਣੀ ਮੁਹੱਈਆ ਕਰਵਾਉਣ, ਉਡੀਕ ਕਰਨ ਅਤੇ ਮਰੀਜ਼ ਦੇ ਇਲਾਜ ਵਾਲੇ ਖੇਤਰ ਵਿੱਚ ਠੰਡਕ ਬਣਾਈ ਰੱਖਣ ਲਈ ਉਪਕਰਣ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ – ‘ਯੂਕਰੇਨ ਯੁੱਧ ਰੁਕਵਾ ਦਿੱਤਾ ਪਰ ਪੇਪਰ ਲੀਕ ਨੂੰ ਰੋਕਣ ਦੇ ਸਮਰੱਥ ਨਹੀਂ ਮੋਦੀ ਸਰਕਾਰ’ : ਰਾਹੁਲ ਗਾਂਧੀ
Exit mobile version