‘ਦ ਖ਼ਾਲਸ ਬਿਊਰੋ : ਮਾਨਸਾ ਜ਼ਿਲ੍ਹੇ ਵਿੱਚ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਮਾਨਸਾ ਦੇ ਸਿਹਤ ਵਿਭਾਗ ਦੇ ਸਮੂਹ ਮੁਲਜਾਮਾਂ ਨੇ ਸ਼ਹਿਰ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕਰਦਿਆਂ ਮਾਨਸਾ ਦੇ ਸਿਵਲ ਹਸਪਤਾਲ ਤੋਂ ਸ਼ੁਰੂ ਕਰਕੇ ਮਾਨਸਾ ਦੇ ਬਾਰਾਂ ਹੱਟਾਂ ਚੌਂਕ ਵਿਖੇ ਪੰਜਾਬ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕਰਕੇ ਸੂਬਾ ਸਰਕਾਰ ਦੀ ਅਰਥੀ ਸਾੜੀ। ਸਿਹਤ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਮੁਕੰਮਲ ਹੜਤਾਲ ਵੀ ਕੀਤੀ ਗਈ। ਸਿਹਤ ਮੁਲਾਜਮਾਂ ਵੱਲੋਂ ਸੂਬਾ ਸਰਕਾਰ ਖਿਲਾਫ ਰੋਸ ਜਾਹਿਰ ਕਰਦਿਆਂ ਸੜਕ ਦਾ ਇੱਕ ਪਾਸਾ ਮੁਕੰਮਲ ਬੰਦ ਕਰਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਸਿਹਤ ਮੁਲਾਜਮ ਤਾਲਮੇਲ ਕਮੇਟੀ ਦੇ ਆਗੂ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਫੋਕੀ ਬਿਆਨਬਾਜ਼ੀ ਕਰਕੇ ਮੁਲਾਜ਼ਮ ਵਰਗ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ, ਜੋ ਕਿ ਨਾ-ਬਰਦਾਸ਼ਤਯੋਗ ਹੈ। ਕਮੇਟੀ ਆਗੂ ਗੁਰਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਲਗਾਤਾਰ ਮੁਲਾਜ਼ਮ ਮਾਰੂ ਨੀਤੀਆਂ ਨੂੰ ਅਮਲ ਵਿੱਚ ਲਿਆ ਕੇ ਮੁਲਾਜਮਾਂ ਦਾ ਸ਼ੋਸ਼ਣ ਕਰਨ ‘ਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਵਤੀਰਾ ਇਹੋ ਹੀ ਰਿਹਾ ਤਾਂ ਆਉਂਦੇ ਦਿਨਾਂ ਵਿੱਚ ਅੱਜ ਦੀ ਇਹ ਇੱਕ ਰੋਜਾ ਹੜਤਾਲ ਅਣਮਿੱਥੇ ਸਮੇਂ ਵਿੱਚ ਵੀ ਬਦਲ ਸਕਦੀ ਹੈ।
ਤਾਲਮੇਲ ਕਮੇਟੀ ਦੇ ਬੁਲਾਰੇ ਜਗਦੀਸ਼ ਸਿੰਘ ਰੜ੍ਹ ਨੇ ਕਿਹਾ ਕਿ ਚੰਨੀ ਸਰਕਾਰ ਦੇ ਬਦਲਾਅ ਸਮੇਂ ਇੱਕ ਉਮੀਦ ਬੱਝੀ ਸੀ ਕਿ ਸੂਬਾ ਸਰਕਾਰ ਸਿਹਤ ਵਿਭਾਗ ਦੇ ਠੇਕਾ ਮੁਲਾਜਮਾਂ ਨੂੰ ਬਰਾਬਰ ਕੰਮ, ਬਰਾਬਰ ਤਨਖਾਹ ਦੇ ਕੇ ਸੇਵਾਵਾਂ ਰੈਗੂਲਰ ਕਰੇਗੀ ਅਤੇ ਮੁਲਾਜਮਾਂ ਦੀਆਂ ਬਾਕੀ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰੇਗੀ, ਪਰ ਮੁੱਖ ਮੰਤਰੀ ਦੁਆਰਾ ਸਿਰਫ ਫੋਕੇ ਐਲਾਨਾ ਦੀ ਤਾਂ ਝੜੀ ਲਗਾ ਦਿੱਤੀ ਗਈ ਪਰ ਪੂਰਾ ਇੱਕ ਵੀ ਨਹੀਂ ਕੀਤਾ। ਕਮੇਟੀ ਆਗੂ ਰਵਿੰਦਰ ਕੁਮਾਰ ਨੇ ਕਿਹਾ ਕਿ 36 ਹਜ਼ਾਰ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦਾ ਚੰਨੀ ਸਰਕਾਰ ਦਾ ਐਲਾਨ ਨਿਰ੍ਹਾ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ 36000 ਤਾਂ ਦੂਰ ਦੀ ਗੱਲ ਹੈ, ਪੰਜਾਬ ਵਿੱਚ 36 ਕਰਮਚਾਰੀ ਵੀ ਪੱਕੇ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪਿਛਲੇ 44 ਦਿਨਾਂ ਤੋਂ ਐੱਨਐੱਚਐੱਮ ਮੁਲਾਜਮਾਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਸਿਰਫ ਲਾਰੇ ਹੀ ਮਿਲ ਰਹੇ ਹਨ।