‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਦੇ ਵਿਰੋਧ ‘ਚ ਇਕੱਠੇ ਹੋਏ ਕਿਸਾਨਾਂ ’ਤੇ ਅੱਜ ਪੁਲਿਸ ਨੇ ਕਈ ਵਾਰ ਲਾਠੀਚਾਰਜ ਕੀਤਾ ਹੈ ਤੇ ਇਸ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਹਰਿਆਣਾ ਸਰਕਾਰ ਦੇ ਡਿਊਟੀ ਮਜਿਸਟ੍ਰੇਟ ਦਾ ਹੈਰਾਨ ਕਰਨ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ ਅਨੁਸਾਰ ਡੀਐੱਮ ਕੁੱਝ ਪੁਲਿਸ ਮੁਲਾਜ਼ਮਾਂ ਨੂੰ ਸਖਤ ਦਿਸ਼ਾ ਨਿਰਦੇਸ਼ ਦੇ ਰਿਹਾ ਹੈ। ਇਸ ਵਿੱਚ ਉਹ ਕਹਿ ਰਹੇ ਹਨ ਕਿ ਲਗਾਏ ਗਏ ਨਾਕੇ ਤੋਂ ਪਾਰ ਇਕ ਵੀ ਬੰਦਾ ਨਹੀਂ ਜਾਣਾ ਚਾਹੀਦਾ ਤੇ ਜੇ ਕੋਈ ਜਾਣ ਦੀ ਕੋਸ਼ਿਸ਼ ਕਰੇ ਤਾਂ ਲਾਠੀਆਂ ਵਰ੍ਹਾ ਦਿਓ ਤੇ ਸਿਰ ਪਾਟਣਾ ਚਾਹੀਦਾ ਹੈ। ਇਸ ਵਿੱਚ ਡੀਐੱਮ ਸਿੱਧਾ ਕਿਸਾਨਾਂ ਨੂੰ ਫੱਟੜ ਕਰਨ ਦੇ ਹੁਕਮ ਦੇ ਰਿਹਾ ਹੈ।
ਡੀਐੱਮ ਦਾ ਕਹਿਣਾ ਹੈ ਕਿ ਉਹ ਦੋ ਦਿਨ ਤੋਂ ਜਾਗ ਕੇ ਡਿਊਟੀ ਕਰ ਰਿਹਾ ਹੈ ਤੇ ਇਹ ਹੁਕਮ ਡੀਐੱਮ ਦੀ ਹੈਸੀਅਤ ਨਾਲ ਦੇ ਰਿਹਾ। ਡੀਐੱਮ ਦਾ ਕਹਿਣਾ ਹੈ ਕਿ ਉਸਦੇ ਹੁਕਮਾਂ ਤੋਂ ਬਾਅਦ ਕਿਸੇ ਦਿਸ਼ਾ ਨਿਰਦੇਸ਼ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਉਹ ਮੁਲਜ਼ਮਾਂ ਨੂੰ ਪੁੱਛਦਾ ਹੈ ਕਿ ਕੋਈ ਡਾਊਟ? ਤਾਂ ਮੁਲਾਜਮ ਨਾਂਹ ਵਿੱਚ ਸਿਰ ਹਿਲਾ ਦਿੰਦੇ ਹਨ। ਡਿਊਟੀ ਮਜਿਸਟ੍ਰੇਟ ਮੁਲਾਜ਼ਮਾਂ ਨੂੰ ਲਾਠੀਚਾਰਜ ਦਾ ਹੁਕਮ ਦੇ ਕੇ ਵਾਪਸ ਚਲਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਖੱਟਰ ਦੇ ਪ੍ਰੋਗਰਾਮ ਵੱਲ ਜਾਣ ਲਈ ਇਕੱਠੇ ਹੋ ਰਹੇ ਕਿਸਾਨਾਂ ’ਤੇ ਇੱਕ ਵਾਰ ਪਹਿਲਾਂ ਲਾਠੀਚਾਰਜ ਕੀਤਾ ਗਿਆ ਅਤੇ ਇਸ ਤੋਂ ਬਾਅਦ ਫਿਰ ਦੂਜੀ ਅਤੇ ਤੀਜੀ ਵਾਰ ਵੀ ਪੁਲਿਸ ਨੇ ਲਾਠੀਚਾਰਜ ਕੀਤਾ।ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਹਰਿਆਣਾ ਵਿੱਚ ਸੜਕਾਂ ਜਾਮ ਕਰਨ ਦਾ ਸੱਦਾ ਦੇ ਦਿੱਤਾ ਸੀ।
ਕਰਨਾਲ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਫੱਟੜ ਹੋਏ ਹਨ ਅਤੇ ਉਨ੍ਹਾਂ ਨੂੰ ਖੇਤਾਂ ਵਿੱਚ ਭਜਾ-ਭਜਾ ਕੇ ਕੁੱਟਿਆ ਗਿਆ ਹੈ। ਕਈ ਕਿਸਾਨਾਂ ਦੀਆਂ ਬਾਹਾਂ ਟੁੱਟੀਆਂ ਹਨ ਅਤੇ ਸਿਰ ਕਈਆਂ ਦੇ ਸਿਰ ਵੀ ਪਾਟੇ ਹਨ।50 ਤੋਂ ਵੀ ਵੱਧ ਕਿਸਾਨ ਜ਼ਖਮੀ ਹੋਏ ਹਨ। ਇਸਦੀ ਸੂਚਨਾ ਪਾ ਕੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਕਰਨਾਲ ਪਹੁੰਚ ਗਏ ਹਨ।