‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਫ਼ਾਈ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਵਾਧਾ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਕਰਨਾਲ ਦੇ ਕਾਲੀਦਾਸ ਰੰਗਮਾਲਾ ਵਿੱਚ ਕੀਤੇ ਸਮਾਗਮ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਪਿੰਡਾਂ ਵਿੱਚ ਸਫ਼ਾਈ ਕਰਨ ਵਾਲੇ ਕਰਮਚਾਰੀ ਨੂੰ 14 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦੋਂਕਿ ਪਹਿਲਾਂ ਇਹ ਰਾਸ਼ੀ 12 ਹਜ਼ਾਰ ਰੁਪਏ ਸੀ। ਇਸੇ ਤਰ੍ਹਾਂ ਸ਼ਹਿਰ ਵਿੱਚ ਸਫ਼ਾਈ ਕਰਨ ਵਾਲੇ ਨੂੰ 15 ਦੀ ਥਾਂ 16 ਹਜ਼ਾਰ ਅਤੇ ਸੀਵਰਮੈਨ ਨੂੰ 10 ਹਜ਼ਾਰ ਰੁਪਏ ਦੀ ਥਾਂ 12 ਹਜ਼ਾਰ ਰੁਪਏ ਤਨਖਾਹ ਮਿਲੇਗੀ। ਉਨ੍ਹਾਂ ਕਿਹਾ ਕਿ ਤਨਖਾਹ ਦੇਰੀ ਨਾਲ ਮਿਲਣ ’ਤੇ 500 ਰੁਪਏ ਮੁਆਵਜਾ ਵੀ ਦਿੱਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਰਿਵਾਰ ਪਛਾਣ ਪੱਤਰ ਬਣਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਜਿਨ੍ਹਾਂ ਸਫ਼ਾਈ ਕਰਮਚਾਰੀਆਂ ਨੇ ਪੀਪੀਪੀ ਨਹੀਂ ਬਣਵਾਇਆ ਉਹ ਜਲਦ ਬਣਵਾ ਲੈਣ। ਭਵਿੱਖ ’ਚ ਸਾਰੀਆਂ ਯੋਜਨਾਵਾਂ ਦਾ ਲਾਭ ਪੀਪੀਪੀ ਰਾਹੀਂ ਹੀ ਮਿਲੇਗਾ।