The Khalas Tv Blog India ਹਰਿਆਣਾ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸੜਕਾਂ ‘ਤੇ ਸੁੱਟੇ ਵੱਡੇ ਪੱਥਰ
India

ਹਰਿਆਣਾ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸੜਕਾਂ ‘ਤੇ ਸੁੱਟੇ ਵੱਡੇ ਪੱਥਰ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਖ਼ਿਲਾਫ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿੱਢਿਆ ਸੰਘਰਸ਼ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ‘”ਦਿੱਲੀ ਚੱਲੋ “ ਦੇ ਦਿੱਤੇ ਸੱਦੇ ਨੂੰ ਨਾਕਾਮਯਾਬ ਕਰਨ ਲਈ ਹਰਿਆਣਾ ਸਰਕਾਰ ਨੇ ਕੇਂਦਰ ਦੇ ਇਸ਼ਾਰੇ ‘ਤੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।

ਦਿੱਲੀ ਜਾਣ ਲਈ ਕਿਸਾਨਾਂ ਦੇ ਲਾਮ ਲਸ਼ਕਰ ਪੰਜਾਬ ਹਰਿਆਣਾ ਸਰਹੱਦ ਵੱਲ ਵਧਣੇ ਸ਼ੁਰੂ ਹੋ ਗਏ ਹਨ, ਜਦੋਂ ਕਿ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਢਾਬੀ ਗੁੱਜਰਾਂ ਦੇ ਨਜ਼ਦੀਕ ਪੰਜਾਬ ਹਰਿਆਣਾ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਕਿਸਾਨਾਂ ਦੀ ਹਰਿਆਣਾ ਵਿੱਚ ਐਂਟਰੀ ਰੋਕਣ ਲਈ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ‘ਤੇ ਹਰਿਆਣਾ ਦੇ ਪਹਿਲੇ ਪਿੰਡ ਦਾਤਾ ਸਿੰਘ ਵਾਲੇ ਦੇ ਨਜ਼ਦੀਕ ਕੌਮੀ ਮੁੱਖ ਮਾਰਗ ‘ਤੇ ਵੱਡੀ ਪੱਧਰ ਉੱਤੇ ਪੱਥਰ ਸੁੱਟ ਦਿੱਤੇ ਗਏ ਹਨ, ਇਸ ਦੇ ਨਾਲ-ਨਾਲ ਬੈਰੀਕੇਡ ਤੇ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ।

ਉੱਥੇ ਦੂਜੇ ਪਾਸੇ ਦਿੱਲੀ ਵਿੱਚ ਧਰਨੇ ਦੇ ਸੱਦੇ ’ਤੇ ਅੱਜ ਭਵਾਨੀਗੜ੍ਹ ਤੋਂ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ ਹੈ। ਸ਼ਹਿਰ ਦੇ ਕਾਕੜਾ ਰੋਡ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਖਾਣ-ਪੀਣ ਦਾ ਸਾਮਾਨ ਤੇ ਕੱਪੜੇ ਟਰਾਲੀ ਵਿੱਚ ਰੱਖ ਕੇ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਗੀ ਪਾ ਦਿੱਤੀ। ਪਿੰਡ ਸਕਰੌਦੀ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਲਾਲੀ ਗਰੇਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫਲਾ ਚੱਲ ਪਿਆ।

ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਬਲਾਕ ਦੇ ਕਈ ਪਿੰਡਾਂ ਤਾਂ ਟਰਾਲੀਆਂ ਦੇ ਕਾਫਲੇ ਪਹਿਲਾਂ ਹੀ ਖਨੌਰੀ ਬਾਰਡਰ ’ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖਨੌਰੀ ਬਾਰਡਰ ’ਤੇ ਹਰਿਆਣਾ ਵਾਲੇ ਪੁਲੀਸ ਨਾਕੇ ਲਗਾਈ ਖੜੀ ਤੇ ਪੰਜਾਬ ਵਾਲੇ ਪਾਸੇ ਕਿਸਾਨ ਕਾਫਲੇ ਇਕੱਠੇ ਹੋ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਰਣਧੀਰ ਸਿੰਘ ਭੱਟੀਵਾਲ ਅਤੇ ਸੁਖਦੇਵ ਸਿੰਘ ਬਾਲਦ ਕਲਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਲਾਏ ਜਾ ਰਹੇ ਅੜਿੱਕਿਆਂ ਕਾਰਨ ਕਿਸਾਨਾਂ ਅੰਦਰ ਹੋਰ ਰੋਹ ਵੱਧਦਾ ਜਾ ਰਿਹਾ ਹੈ। ਭਾਕਿਯੂ ਰਾਜੇਵਾਲ ਦੇ ਆਗੂ ਕਸ਼ਮੀਰ ਸਿੰਘ ਕਾਕੜਾ ਨੇ ਦੱਸਿਆ ਕਿ ਕਿਸਾਨਾਂ ਦਾ ਵੱਡਾ ਕਾਫਲਾ ਰਵਾਨਾ ਹੋ ਗਿਆ।

Exit mobile version