The Khalas Tv Blog India ਡੇਰਾ ਸਾਧ ਦੀ ਪੈਰੋਲ ‘ਤੇ ਪੈ ਗਿਆ ਰੌਲਾ
India Punjab

ਡੇਰਾ ਸਾਧ ਦੀ ਪੈਰੋਲ ‘ਤੇ ਪੈ ਗਿਆ ਰੌਲਾ

ਡੇਰਾ ਸਾਧ ਦੀ ਪੈਰੋਲ ‘ਤੇ ਪੈ ਗਿਆ ਰੌਲਾ

ਚੰਡੀਗੜ੍ਹ :  ਕਾਤਲ ਅਤੇ ਬਲਾਤਕਾਰੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਉੱਤੇ ਹਰਿਆਣਾ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਚੰਡੀਗੜ੍ਹ ਦੇ ਪ੍ਰਸਿੱਧ ਵਕੀਲ ਐਚਸੀ ਅਰੋੜਾ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਲਈ ਨੋਟਿਸ ਭੇਜਿਆ ਹੈ।

ਆਪਣੇ ਨੋਟਿਸ ਵਿੱਚ ਐਚਸੀ ਅਰੋੜਾ ਨੇ ਕਿਹਾ ਕਿ ਰਾਮ ਰਹੀਮ ਨੂੰ ਜਬਰ ਜਨਾਹ ਤੇ ਕਤਲ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਉਸਨੂੰ 40 ਦਿਨਾਂ ਦੀ ਪੈਰੋਲ ਦੇ ਦਿੱਤੀ, ਜਿਸ ਦੌਰਾਨ ਉਹ ਯੂਪੀ ਠਹਿਰਿਆ ਹੈ ਤੇ ਸਤਿਸੰਗ ਕਰ ਰਿਹਾ ਹੈ। ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਆਗੂ ਉਸ ਤੋਂ ਆਸ਼ੀਰਵਾਦ ਲੈ ਰਹੇ ਹਨ ਤੇ ਉਸਨੇ ਆਪਣਾ ਗੀਤ ’ਸਾਡੀ ਨਿੱਤ ਦੀਵਾਲੀ’ ਵੀ ਜਾਰੀ ਕੀਤਾ ਹੈ।

ਵਕੀਲ ਐਚਸੀ ਅਰੋੜਾ

ਨੋਟਿਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਉਸਦਾ ਗਾਣਾ ਯੂ ਟਿਊਬ ਤੋਂ ਹਟਵਾਉਣ ਲਈ ਵੀ ਕੋਈ ਕਦਮ ਨਹੀਂ ਚੁੱਕਿਆ। ਵਕੀਲ ਨੇ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਉਸਦਾ ਗਾਣਾ ਯੂਟਿਊਬ ਤੋਂ ਹਟਾਉਣ ਲਈ ਕਿਹਾ। ਵਕੀਲ ਨੇ ਤਰਕ ਦਿੱਤਾ ਕਿ ਇਕ ਜਬਰ ਜਨਾਹ ਤੇ ਕਤਲ ਦੇ ਅਪਰਾਧੀ ਨੂੰ ਪ੍ਰਸਿੱਧੀ ਖੱਟਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਟਵੀਟ ਕਰਕੇ ਸਰਕਾਰ ਤੋਂ ਪੁੱਛਿਆ ਹੈ ਕਿ ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਵੇਂ ਦਿੱਤੀ ਜਾ ਰਹੀ ਹੈ। ਮਾਲੀਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਖਤਮ ਕਰਕੇ ਉਸ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ।

ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ

ਰਾਮ ਰਹੀਮ ਨੂੰ ਬਲਾਤਕਾਰੀ ਦੱਸਦਿਆਂ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਕਾਤਲ ਅਤੇ ਬਲਾਤਕਾਰੀ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ। ਇਸ ਵਾਰ ਰਾਮ ਰਹੀਮ ਪੈਰੋਲ ‘ਤੇ ਰਹਿ ਕੇ ਥਾਂ-ਥਾਂ ਸਤਿਸੰਗ ਕਰ ਰਿਹਾ ਹੈ। ਇਸ ਸਤਿਸੰਗ ਵਿੱਚ ਹਰਿਆਣਾ ਦੇ ਡਿਪਟੀ ਸਪੀਕਰ ਅਤੇ ਸੂਬੇ ਦੇ ਮੇਅਰ ਸ਼ਾਮਲ ਹੋ ਰਹੇ ਹਨ। ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ।

ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ ਪੈਰੋਲ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ 5 ਸਵਾਲ ਪੁੱਛੇ ਹਨ।ਉਨ੍ਹਾਂ ਸਵਾਲ ਕੀਤਾ ਹੈ ਕਿ :
• ਕੀ ਰਾਮ ਰਹੀਮ ਨੂੰ ਪੈਰੋਲ ਕੋਰਟ ਨੇ ਦਿੱਤੀ ਹੈ? ਜੇਕਰ ਹਾਂ, ਤਾਂ ਇਹ ਕਿਸ ਅਦਾਲਤ ਨੇ ਦਿੱਤੀ ਹੈ?
• ਤੁਹਾਡੇ ਮੰਤਰੀ ਨੇ ਕਿਹਾ ਕਿ ਪੈਰੋਲ ਸਰਕਾਰ ਦੇ ਜੇਲ੍ਹ ਵਿਭਾਗ ਦਾ ਮੁੱਦਾ ਹੈ ਤਾਂ ਕੀ ਗ੍ਰਹਿ ਮੰਤਰੀ ਨੇ ਝੂਠ ਬੋਲਿਆ?
• ਕੀ ਪੈਰੋਲ ਜ਼ਿਲ੍ਹਾ ਅਧਿਕਾਰੀ ਨੇ ਦਿੱਤੀ?
• ਪੈਰੋਲ ਬਹੁਤ ਜ਼ਰੂਰੀ ਕਾਰਨਾਂ ਕਰਕੇ ਹੀ ਦਿੱਤੀ ਜਾਂਦੀ ਹੈ। ਰਾਮ ਰਹੀਮ ਨੂੰ ਕਿਹੜਾ ਜ਼ਰੂਰੀ ਕੰਮ ਹੈ?
• ਉਸ ਦੇ ਸਤਿਸੰਗ ਵਿੱਚ ਗਏ ਸਰਕਾਰੀ ਲੋਕਾਂ ਖਿਲਾਫ ਕੀ ਕਾਰਵਾਈ ਹੋਵੇਗੀ?
• ਕੀ ਸਰਕਾਰ ਬਾਬੇ ਨੂੰ ਚੰਗੇ ਆਚਰਣ ਵਾਲਾ ਕੈਦੀ ਸਮਝਦੀ ਸੀ?

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ਰਾਮ ਰਹੀਮ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸੁਨਾਮ ‘ਚ ਨਵਾਂ ਡੇਰਾ ਖੋਲ੍ਹਣ ਦੀ ਗੱਲ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸੁਨਾਮ ਵਿੱਚ ਕੋਈ ਡੇਰਾ ਨਹੀਂ ਬਣਨ ਦਿਆਂਗੇ। ਜੇਕਰ ਸਰਕਾਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਵਿਰੋਧ ਨਹੀਂ ਕਰਦੀ ਤਾਂ ਅਸੀਂ ਇਸ ਦਾ ਸਖ਼ਤ ਵਿਰੋਧ ਕਰਨਗੇ ਕਿਉਂਕਿ ਡੇਰਾ ਮੁਖੀ ਰਾਮ ਰਹੀਮ ਨੇ ਸਿੱਖਾਂ ਦਾ ਅਪਮਾਨ ਕੀਤਾ ਹੈ। ਕਿਸੇ ਵੀ ਹਾਲਤ ਵਿੱਚ ਡੇਰਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਫਿਰ ਉਨ੍ਹਾਂ ਨੂੰ ਗਰਮ ਖਿਆਲੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਡੇਰਾ ਮੁਖੀ ਨੂੰ ਸੁਰੱਖਿਆ ਦੇ ਰਹੀ ਹੈ।

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਪਾਸੋਂ ਇਸ ਦੀਆਂ ਗਤੀਵਿਧੀਆਂ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਕਿਰਦਾਰ ਗੈਰ ਸਮਾਜਿਕ ਹੈ ਅਤੇ ਉਸ ’ਤੇ ਲੱਗੇ ਦੋਸ਼ ਬੇਹੱਦ ਸੰਗੀਨ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਪੰਜਾਬ ਵਿੱਚ ਡੇਰਾ ਖੋਲ੍ਹਣ ਦੇ ਦਿੱਤੇ ਬਿਆਨ ਬਾਰੇ ਕਿਹਾ ਕਿ ਜਿਹੜੀ ਗੱਲ ਹੋ ਹੀ ਨਹੀਂ ਸਕਦੀ ਉਸ ਬਾਰੇ ਕੀ ਗੱਲ ਕਰਨੀ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਗੁਰਮੀਤ ਰਾਮ ਰਹੀਮ ਨੂੰ ਬਾਬਾ ਮੰਨਦੇ ਅਤੇ ਨਾ ਹੀ ਉਸ ਦਾ ਇੱਥੇ ਕੋਈ ਡੇਰਾ ਖੁੱਲ੍ਹੇਗਾ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ

 

40 ਦਿਨਾਂ ਦੀ ਪੈਰੋਲ ਉਤੇ ਬਾਹਰ ਆਏ ਗੁਰਮੀਤ ਰਾਮ ਰਹੀਮ ਨੇ ਬੀਤੇ ਦਿਨੀਂ ਆਨਲਾਈਨ ਪ੍ਰੋਗਰਾਮ ਵਿੱਚ ਐਲਾਨ ਕੀਤਾ ਸੀ ਉਹ ਸੁਨਾਮ ਵਿੱਚ ਨਵਾਂ ਡੇਰਾ ਖੋਲਣਗੇ, ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਓਧਰ ਰਾਮ ਰਹੀਮ ਦੀ ਪੈਰੋਲ ‘ਤੇ ਸਵਾਲ ਉੱਠਣ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਅੱਗੇ ਆ ਕੇ ਜਵਾਬ ਦੇਣਾ ਪਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਇਸ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਹੈ। ਅਦਾਲਤਾਂ ਕੈਦ ਦੀ ਸਜ਼ਾ ਦਿੰਦੀਆਂ ਹਨ ਅਤੇ ਦੋਸ਼ੀ ਜੇਲ੍ਹ ਜਾਂਦਾ ਹੈ। ਉਸ ਤੋਂ ਬਾਅਦ ਜੇਲ੍ਹ ਦੇ ਨਿਯਮ ਸਾਰੇ ਕੈਦੀਆਂ ‘ਤੇ ਲਾਗੂ ਹੁੰਦੇ ਹਨ।

ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ‘ਤੇ ਉਪ ਚੋਣਾਂ ਹੋਣੀਆਂ ਹਨ। ਆਦਮਪੁਰ ਵਿੱਚ 3 ਨਵੰਬਰ ਨੂੰ ਜ਼ਿਮਨੀ ਚੋਣ ਅਤੇ 12 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 7 ਤੋਂ 27 ਫਰਵਰੀ ਦਰਮਿਆਨ ਪਰੋਲ ਦਿੱਤੀ ਗਈ ਸੀ। ਇਸ ਤੋਂ ਬਾਅਦ 17 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।

Exit mobile version