‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਆਪਣੇ-ਆਪ ਨੂੰ ਸੰਯੁਕਤ ਕਿਸਾਨ ਮੋਰਚਾ ਤੋਂ ਵੱਖ ਕਰ ਲਿਆ ਹੈ। ਉਹ ਹੁਣ ਕਿਸਾਨ ਮੋਰਚੇ ਦੀ ਕਿਸੇ ਵੀ ਮੀਟਿੰਗ ਵਿੱਚ ਹਿੱਸਾ ਨਹੀਂ ਲੈਣਗੇ ਪਰ ਕਿਸਾਨ ਲੀਡਰਾਂ ਦੇ ਹਰ ਪ੍ਰੋਗਰਾਮ ਦੀ ਪਾਲਣਾ ਉਹ ਜ਼ਰੂਰ ਕਰਨਗੇ। ਉਨ੍ਹਾਂ ਨੇ ਮੋਰਚੇ ਦੇ ਨਾਲ ਲਗਾਤਾਰ ਡਟੇ ਰਹਿਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਤੇ ਖ਼ਾਸ ਤੌਰ ‘ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ‘ਤੇ ਕਈ ਲੋਕਾਂ ਨੂੰ ਮੋਰਚੇ ਤੋਂ ਧੱਕੇ ਮਾਰ ਕੇ ਬਾਹਰ ਕੱਢਣ ਦਾ ਦੋਸ਼ ਲਾਇਆ ਹੈ। ਦਰਅਸਲ, ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਚੋਣਾਂ ਵਾਲੇ ਬਿਆਨ ਦੇਣ ਕਾਰਨ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਚੜੂਨੀ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੇ ਨਾਲ ਭੇਦ-ਭਾਵ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਈਆਂ ਹਨ ਜਦੋਂ ਕਿਸਾਨ ਮੋਰਚਾ ਵੱਲੋਂ ਉਨ੍ਹਾਂ ਨੂੰ ਮੋਰਚੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ‘ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਪੰਜਾਬ ਦੀਆਂ ਚਾਰ ਜਥੇਬੰਦੀਆਂ ਨੇ ਮੇਰੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਤੋਂ ਕਿਸਾਨਾਂ ਦੇ ਵੱਡੇ ਜਥਿਆਂ ਦੇ ਨਾਲ ਦਿੱਲੀ ਨੂੰ ਕੂਚ ਕੀਤਾ ਸੀ ਤਾਂ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਦੀ ਗਲਤੀ ਸਿਰਫ਼ ਇੰਨੀ ਹੀ ਸੀ ਕਿ ਉਹ ਉਨ੍ਹਾਂ ਦੀ ਅਗਵਾਈ ਹੇਠ ਦਿੱਲੀ ਮੋਰਚੇ ਵਿੱਚ ਗਏ ਸਨ। ਇਨ੍ਹਾਂ ਜਥੇਬੰਦੀਆਂ ਨੂੰ ਬਾਹਰ ਕੱਢਣ ਕਰਕੇ ਉਹ ਵੀ ਹੁਣ ਸੰਯੁਕਤ ਕਿਸਾਨ ਮੋਰਚੇ ਤੋਂ ਆਪਣੇ-ਆਪ ਨੂੰ ਬਾਹਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਪੰਜਾਬ ਦੀਆਂ 32 ਜਥੇਬੰਦੀਆਂ ਨੂੰ ਉਨ੍ਹਾਂ ਦੇ ਨਾਲ ਤਕਲੀਫ਼ ਹੈ। ਚੜੂਨੀ ਨੇ ਕਿਹਾ ਕਿ ਉਨ੍ਹਾਂ ਉੱਪਰ ਤਾਂ ਕਿਸਾਨ ਮੋਰਚੇ ਵੱਲੋਂ ਦੋ ਵਾਰ ਮੋਰਚੇ ਤੋਂ ਬਾਹਰ ਕੱਢਣ ਦੀ ਕਾਰਵਾਈ ਕੀਤੀ ਗਈ ਹੈ। ਇਸ ਧੱਕੇਸ਼ਾਹੀ ਨੂੰ ਇਸ ਲਈ ਬਰਦਾਸ਼ਤ ਕੀਤਾ ਜਾ ਰਿਹਾ ਹੈ ਤਾਂ ਜੋ ਮੋਰਚਾ ਖ਼ਰਾਬ ਨਾ ਹੋਵੇ।
ਉਨ੍ਹਾਂ ਨੇ ਕਿਸਾਨ ਲੀਡਰ ਯੋਗੇਂਦਰ ਯਾਦਵ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਯੋਗੇਂਦਰ ਯਾਦਵ ਨੇ ਚੋਣ ਲੜੀ, ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਸ਼ਬਦ ਦਾ ਸਹਾਰਾ ਲਿਆ ਪਰ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸਨੇ ਆਪਣੇ ਪੋਸਟਰ ਵਿੱਚ ਕਿਸਾਨੀ ਅੰਦੋਲਨ ਦਾ ਸਹਾਰਾ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਮੋਰਚੇ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲੋਂ ਚਾਰ ਗੁਣਾਂ ਜ਼ਿਆਦਾ ਕੰਮ ਲਗਾਤਾਰ ਕਰਦੇ ਰਹਿਣਗੇ। ਚੜੂਨੀ ਨੇ ਕਿਹਾ ਕਿ ਕਿਸਾਨ ਮੋਰਚਾ ਅੰਦੋਲਨ ਨੂੰ ਤੋੜਨ ਵਿੱਚ ਲੱਗਾ ਹੋਇਆ ਹੈ ਪਰ ਉਹ ਅੰਦੋਲਨ ਨੂੰ ਟੁੱਟਣ ਨਹੀਂ ਦੇਣਗੇ।
ਚੜੂਨੀ ਨੇ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਵਾਲੇ ਅਗਲੇ ਜਥਿਆਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਨੌਵਾਂ ਜਥਾ 15 ਅਗਸਤ ਨੂੰ ਮੋਟਰ-ਸਾਈਕਲਾਂ ‘ਤੇ ਅਤੇ 20 ਅਗਸਤ ਨੂੰ ਇੱਕ ਹਜ਼ਾਰ ਕਿਸਾਨਾਂ ਦਾ ਦਸਵਾਂ ਜਥਾ ਅਨੰਦਪੁਰ ਸਾਹਿਬ ਤੋਂ ਆਵੇਗਾ। ਚੜੂਨੀ ਨੇ ਮੋਰਚੇ ਵਿੱਚ ਹੁਣ ਤੱਕ ਆਪਣੀ ਅਗਵਾਈ ਹੇਠ ਕਿਸਾਨਾਂ ਦੇ ਅੱਠ ਜਥੇ ਲਿਆਉਣ ਦਾ ਦਾਅਵਾ ਕੀਤਾ ਹੈ।