The Khalas Tv Blog Punjab ਸੁਖਬੀਰ ਦੇ ਦਾੜ੍ਹੀ ਬਾਰੇ ਬਿਆਨ ‘ਤੇ ਹਰਸਿਮਰਤ ਬਾਦਲ ਦਾ CM ਮਾਨ ਨੂੰ ਮੋੜਵਾਂ ਜਵਾਬ , ਮਾਨ ਨੂੰ ਕਿਹਾ ਹੰਕਾਰੀ…
Punjab

ਸੁਖਬੀਰ ਦੇ ਦਾੜ੍ਹੀ ਬਾਰੇ ਬਿਆਨ ‘ਤੇ ਹਰਸਿਮਰਤ ਬਾਦਲ ਦਾ CM ਮਾਨ ਨੂੰ ਮੋੜਵਾਂ ਜਵਾਬ , ਮਾਨ ਨੂੰ ਕਿਹਾ ਹੰਕਾਰੀ…

Harsimrat Badal's response to CM Mann on Sukhbir's statement about beard, called Mann arrogant...

ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਦਾੜ੍ਹੀ ਵਾਲੇ ਬਿਆਨ ‘ਤੇ ਵਿਵਾਦ ਭਖਦਾ ਜਾ ਰਿਹਾ ਹੈ। ਹੁਣ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ਉਤੇ ਭਗਵੰਤ ਮਾਨ ਨੂੰ ਤਿੱਖੇ ਸਵਾਲ ਕੀਤੇ ਹਨ।

ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਲਿਖਿਆ ਹੈ ਕਿ ਮੈਨੂੰ ਯਕੀਨ ਹੀ ਨਹੀ ਆ ਰਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖਸ਼ੀ ਖ਼ਾਲਸਾਈ ਪਹਿਚਾਣ ਦੇ ਅਨਿੱਖੜਵੇਂ ਅੰਗ ਦਾਹੜਾ ਸਾਹਿਬ ਦੀ ਕਿਸੇ ਨਾਸਤਿਕ ਹੰਕਾਰੀ ਹੁਕਮਰਾਨ ਵੱਲੋਂ ਭਰੀ ਦੁਨੀਆ ਸਾਹਮਣੇ ਚਿੱਟੇ ਦਿਨ ਇਸ ਤਰਾਂ ਸ਼ਰ੍ਹੇਆਮ ਖਿੱਲੀ ਉਡਾਈ ਜਾਵੇ ਤੇ ਅਸੀ ਸਾਰੇ ਸਿੱਖ ਚੁੱਪ ਕਰਕੇ ਬੈਠ ਜਾਈਏ ? ਸਾਰੀ ਸੰਗਤ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ।

  • ਕੀ ਇਹ ਹੈ ਗੁਰੂ ਵੱਲੋ ਬਖਸ਼ੇ ਪਾਵਨ ਕਕਾਰ ਉਤੇ ਖਾਲਸਾਈ ਅਣਖ ਜਿਸ ਦੀ ਰਾਖੀ ਲਈ ਸਿੰਘ ਪੁੱਠੀਆਂ ਖੱਲਾਂ ਤੱਕ ਲਹਾ ਗਏ?
  • ਕੀ ਦਸਮੇਸ਼ ਪਿਤਾ ਦੀ ਨਿਸ਼ਾਨੀ ਦੀ ਖੁੱਲੇ ਆਮ ਬੇਅਦਬੀ ਉਤੇ ਭੀ ਕੌਮ ਦਾ ਖੂਨ ਨਹੀ ਖੌਲਦਾ?
  •  ਜਾਂ ਫਿਰ ਹੁਣ ਇਹ ਖੂਨ ਸਿਰਫ਼ ਆਪਣੇ ਸਿਆਸੀ ਪੂਰਨ ਗੁਰਸਿੱਖ ਵਿਰੋਧੀਆਂ ਖਿਲਾਫ਼ ਕੂੜ ਪ੍ਰਚਾਰ ਕਰਨ ਲਈ ਹੀ ਖੌਲਦਾ ਹੈ?

ਉਨਾਂ ਨੇ ਕਿਹਾ ਕਿ ਇਕ ਅਜਿਹਾ ਮੁੱਖ ਮੰਤਰੀ ਜੋ ਗੁਰੂ ਵੱਲੋਂ ਬਖਸ਼ਿਸ਼ ਕੀਤੇ ਕਕਾਰਾਂ ਵਿਚ ਯਕੀਨ ਹੀ ਨਾ ਰੱਖਦਾ ਹੋਏ, ਕੇਸਾਂ ਨੂੰ ਕਤਲ ਕਰਦਾ ਹੋਏ ਤੇ ਆਪਣੀ ਦਾਹੜੀ ਰੰਗ ਕੇ ਮੂੰਹ ਕਾਲਾ ਕਰਦਾ ਹੋਏ, ਆਪਣੇ ਨਾਮ ਨਾਲ ਸਿੰਘ ਲਾਉਣ ਵਿੱਚ ਭੀ ਸ਼ਰਮ ਮਹਿਸੂਸ ਕਰਦਾ ਹੋਏ, ਉਹ ਹੰਕਾਰੀ ਮੁੱਖ ਮੰਤਰੀ ਉਸ ਪੰਜਾਬ ਦੀ ਧਰਤੀ ਤੇ ਖਲੋ ਕੇ ਨਿਧੜਕ ਹੋ ਕੇ ਗੁਰੂ ਸਾਹਿਬਾਨ ਦੀ ਨਿਸ਼ਾਨੀ ਦਾਹੜਾ ਸਾਹਿਬ ਦਾ ਨਿਰਾਦਰ ਕਰ ਜਾਏ ਜਿਹੜਾ ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਮ ਤੇ ਹੈ ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਇਹ ਸਭ ਕੁਝ ਬਰਦਾਸ਼ਤ ਕਰਕੇ ਭੀ ਕੌਮ ਤੇ ਇਸ ਦੇ ਆਗੂ ਕਾਇਰਾਨਾ ਚੁੱਪ ਧਾਰੀ ਬੈਠੇ ਹਨ ਤਾਂ ਮੈਨੂੰ ਇਹ ਸੋਚ ਕੇ ਸ਼ਰਮ ਆਉਂਦੀ ਹੈ ਕਿ ਇਹ ਲੋਕ ਆਪਣੇ ਆਪ ਨੂੰ ਗੁਰੂ ਦਾ ਸਿੱਖ ਭੀ ਅਖਵਾਉਦੇ ਹਨ। ਜਿਸ ਦਾਹੜਾ ਸਾਹਿਬ ਦੀ ਭਗਵੰਤ ਮਾਨ ਨੇ ਖਿੱਲੀ ਉਡਾਈ ਹੈ ਉਹ ਗੁਰੂ ਦੇ ਚਰਨਾਂ ਦੀ ਧੂੜ ਸਾਫ ਕਰੇ ਤਾਂ ਭੀ ਉਸ ਦਾ ਮਾਣ ਵਧਦਾ ਹੈ “ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍‍॥”। ਪਰ ਖੁਦ ਆਪਣੀ ਅਣਖ ਨੂੰ ਕਤਲ ਕਰਵਾਕੇ ਲਲਾਰੀ ਕੋਲੋ ਰੰਗਵਾਉਣ ਵਾਲੇ ਕਿਸੇ ਕਲਮੂੰਹੇੰ ਖੋਦੇ ਬੰਦੇ ਨੂੰ ਕੋਈ ਸ਼ਰਮਿੰਦਾ ਥੋਹੜੇ ਕਰ ਸਕਦਾ ਹੈ।’

ਦੱਸ ਦਾਈਏ ਕਿ ਬੀਤੇ ਦਿਨੀਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਵਿਰੋਧੀਆਂ ’ਤੇ ਤਿੱਖਾ ਹਮਲਾ ਬੋਲਿਆ। ਮਾਨ ਨੇ ਸੁਖਬੀਰ ਬਾਦਲ ਦੀ ਦਾੜ੍ਹੀ ’ਤੇ ਬੋਲਦਿਆਂ ਕਿਹਾ ਕਿ ਅਸੀਂ ਜਿਹੋ ਜਿਹੇ ਅੰਦਰੋਂ ਹਾਂ ਉਹ ਜਿਹੇ ਹੀ ਬਾਹਰੋਂ ਹਾਂ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਗੁਰੂ ਘਰ ਜਾਂਦਾ ਤਾਂ ਉੱਥੇ ਪ੍ਰੋਟੋਕਾਲ ਨਹੀਂ ਵੇਖਦਾ, ਜੋ ਪਹਿਲਾਂ ਕਤਾਰ ’ਚ ਮੱਥਾ ਟੇਕਣ ਲਈ ਖੜ੍ਹਾ ਹੁੰਦਾ ਉਸਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਪਰ ਜਦੋਂ  ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਂਦਾ ਹੈ ਤਾਂ ਕੀਰਤਨੀਏ ਵੀ ਉੱਠ ਕੇ ਖੜ੍ਹੇ ਹੋ ਜਾਂਦੇ ਹਨ।

ਅੱਗੇ ਉਨ੍ਹਾਂ ਕਿਹਾ ਅਸੀਂ ਦੂਜੀਆਂ ਪਾਰਟੀਆਂ ਵਾਂਗ ਮੌਕੇ ਦੇਖ ਕੇ ਦਾੜ੍ਹੀ ਨਹੀਂ ਖੋਲ੍ਹਦੇ। ਅਸੀਂ ਤਾਂ ਜਿਹੋ ਜਿਹੇ ਦਿਲ ਤੋਂ ਹਾਂ ਉਹ ਜਿਹੇ ਹੀ ਜ਼ੁਬਾਨ ਤੋਂ ਹਾਂ। ਉਨ੍ਹਾਂ ਕਿਹਾ ਕਿ ਵਿਰੋਧੀ ਦੋਸ਼ ਲਗਾਉਂਦੇ ਹਨ ਕਿ ਭਗਵੰਤ ਮਾਨ ਧਾਰਮਿਕ ਮਸਲਿਆਂ ’ਚ ਦਖ਼ਲੰਅਦਾਜੀ ਕਰਦਾ ਹੈ ਪਰ ਜਦੋਂ ਮੈਂ ਕਹਿ ਰਿਹਾ ਹਾਂ ਕਿ ਗੁਰਬਾਣੀ ਦਾ ਪ੍ਰਸਾਰਣ ਸਾਰਿਆਂ ਲਈ ਫ਼ਰੀ ਹੋਣਾ ਚਾਹੀਦਾ ਹੈ, ਇਸ ’ਚ ਕੁਝ ਗਲਤ ਨਹੀਂ ਹੈ।

Exit mobile version