ਬਿਊਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅੰਤ੍ਰਿਮ ਬੋਰਡ ਦੀ ਐਮਰਜੈਂਸੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ । ਪਰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹਿਣਗੇ। ਉਨ੍ਹਾਂ ਦੀ ਥਾਂ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤੀ ਕੀਤਾ ਗਿਆ ਹੈ।
ਗਿਆਨੀ ਸੁਲਤਾਨ ਸਿੰਘ ਨੂੰ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਸ੍ਰੀ ਤਖ਼ਤ ਸਾਹਿਬ ਦੇ ਪੱਕੇ ਜਥੇਦਾਰ ਨਿਯੁਕਤ ਕਰਨ ਦੀ ਸਿਫ਼ਾਰਿਸ਼ ਕੀਤੀ ਸੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਪੂਰੀ ਤਰਾਂ ਸੰਭਾਲਣ ਲਈ ਕਿਹਾ ਸੀ । ਜਿਸ ਨੂੰ SGPC ਨੇ ਮਨਜ਼ੂਰ ਕੀਤਾ ਹੈ।
ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕੋਈ ਵੀ ਆਪਣਾ ਅਹੁਦਾ ਨਹੀਂ ਛੱਡਣਾ ਚਾਹੁੰਦਾ ਹੈ,ਪਰ ਇਤਿਹਾਸ ਵਿੱਚ ਪਹਿਲੀ ਵਾਰ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਵੈ-ਇੱਛਾ ਦੇ ਨਾਲ ਅੱਗੇ ਆਕੇ ਇਹ ਸਿਫ਼ਾਰਿਸ਼ ਕੀਤੀ ਕਿ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਨਿਭਾਉਂਦੇ ਰਹਿਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਈ ਪਰਮਾਨੈਂਟ ਜਥੇਦਾਰ ਨਿਯੁਕਤ ਕੀਤੀ ਜਾਵੇ। ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਲਾਘਾ ਕਰਦੀ ਹੈ। ਧਾਮੀ ਨੇ ਕਿਹਾ ਸ੍ਰੀ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਦਾ ਅਹੁਦਾ ਸੰਭਾਲ ਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਭਖਦੇ ਮੁੱਦਿਆਂ ‘ਤੇ ਯੋਗ ਕਾਰਵਾਈ ਕੀਤੀ,ਜਿਸ ਦੇ ਲਈ ਕੌਮ ਹਮੇਸ਼ਾ ਉਨ੍ਹਾਂ ਦੇ ਪ੍ਰਤੀ ਧੰਨਵਾਦੀ ਹੈ ।
ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਰਘਬੀਰ ਸਿੰਘ ਦਾ ਬਿਆਨ
ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਬਣਨ ਤੋਂ ਬਾਅਦ ਰਘਬੀਰ ਸਿੰਘ ਨੇ ਕਿਹਾ ਕਿ ਜੋ ਵਿਸ਼ਵਾਸ ਪੰਥ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਤਾਇਆ ਗਿਆ ਉਸ ਨੂੰ ਪੂਰੀ ਤਰ੍ਹਾਂ ਨਿਭਾਉਣਗੇ। ਉਨ੍ਹਾਂ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਮੇਰੇ ਨਾਲ ਕਦੇ ਵੀ ਇਸ ਬਾਰੇ ਗੱਲ ਨਹੀਂ ਕੀਤੀ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਅਹੁਦੇ ਤੋਂ ਹਟਣਾ ਚਾਹੁੰਦੇ ਹਨ, ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਇਹ ਮੰਗ ਲੰਮੇ ਸਮੇਂ ਤੋਂ ਉੱਠ ਰਹੀ ਸੀ ਕਿ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਪਰਮਾਨੈਂਟ ਨਿਯੁਕਤ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਨੇ ਇਹ ਚੰਗਾ ਫ਼ੈਸਲਾ ਲਿਆ ਹੈ ।
ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਚੰਗੇ ਫ਼ੈਸਲੇ ਲਏ ਹਨ । ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਏਕੇ ਦੀ ਜਿਹੜੀ ਪੇਸ਼ਕਸ਼ ਰੱਖੀ ਹੈ ਉਸ ‘ਤੇ ਤੁਸੀਂ ਕੀ ਕਹੋਗੇ ਤਾਂ ਉਨ੍ਹਾਂ ਨੇ ਕਿਹਾ ਅਸੀਂ ਸੁਆਗਤ ਕਰਦੇ ਹਾਂ।
ਤਖ਼ਤ ਕੇਸਗੜ੍ਹ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਐਡੀਸ਼ਨ ਚਾਰਜ ਵੀ ਸੌਂਪਿਆ
ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਦਰਬਾਰ ਦੇ ਮੁੱਖ ਗ੍ਰੰਥੀ ਦਾ ਵਾਧੂ ਚਾਰਜ ਵੀ ਸੌਂਪੀ ਗਿਆ ਹੈ,ਜਦਕਿ ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਜਗਤਾਰ ਸਿੰਘ ਆਪਣੀ ਉਸੇ ਤਰ੍ਹਾਂ ਸੇਵਾਵਾਂ ਨਿਭਾਉਂਦੇ ਰਹਿਣਗੇ । ਇਸ ਤੋਂ ਇਲਾਵਾ ਤਖ਼ਤ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਸੁਲਤਾਨ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਦੇ ਤੌਰ ‘ਤੇ ਸੇਵਾਵਾਂ ਨਿਭਾਉਂਦੇ ਰਹਿਣਗੇ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸ੍ਰੀ ਦਰਬਾਰ ਸਾਹਿਬ ਵਿੱਚ ਗ੍ਰੰਥੀ ਸਿੰਘਾਂ ਦੀ ਘੱਟ ਗਿਣਤੀ ਹੋਣ ਦੀ ਵਜ੍ਹਾ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ ।
ਇਸ ਵਜ੍ਹਾ ਨਾਲ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ
ਪਿਛਲੇ ਮਹੀਨੇ 20 ਮਈ ਨੂੰ ਜਦੋਂ SGPC ਨੇ ਅੰਤ੍ਰਿਮ ਕਮੇਟੀ ਦੀ ਮੀਟਿੰਗ ਬੁਲਾਈ ਸੀ ਤਾਂ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ‘ਤੇ ਸ੍ਰੀ ਅਕਾਲ ਤਖ਼ਤ ਦਾ ਪੱਕੇ ਤੌਰ ‘ਤੇ ਜਥੇਦਾਰ ਨਿਯੁਕਤ ਕਰਨ ਦੀਆਂ ਚਰਚਾਵਾਂ ਸਨ । ਪਰ ਇਸ ‘ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਨੂੰ ਲੈ ਕੇ ਅੰਤ੍ਰਿਮ ਕਮੇਟੀ 2 ਫਾੜ ਹੋ ਗਈ ਸੀ ।
6 ਜੂਨ ਨੂੰ ਜਦੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਏਕੇ ਦਾ ਸੁਨੇਹਾ ਦਿੱਤਾ ਸੀ ਤਾਂ ਗੱਲਾਂ-ਗੱਲਾਂ ਵਿੱਚ ਉਨ੍ਹਾਂ ਨੇ ਇਸ਼ਾਰਾ ਵੀ ਕੀਤਾ ਸੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ । ਆਪਣੀ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਸੀ ਹੋ ਸਕਦਾ ਹੈ ਮੈਂ ਕੱਲ੍ਹ ਇਸ ਅਹੁਦੇ ‘ਤੇ ਨਾ ਹੋਵਾਂ,ਪਰ ਸ੍ਰੀ ਅਕਾਲ ਤਖ਼ਤ ਤੁਹਾਨੂੰ ਹਮੇਸ਼ਾ ਜੋੜੀ ਰੱਖੇਗਾ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਸਿੱਖਾਂ ਨੂੰ ਆਪ ਤਕੜੇ ਹੋਣਾ ਚਾਹੀਦਾ ਹੈ, ਆਪਣੀ ਮੰਗਾਂ ਦੇ ਲਈ ਸਰਕਾਰ ਦੇ ਤਰਲੇ ਨਹੀਂ ਕਰਨੇ ਚਾਹੀਦੇ ਹਨ ਤਾਂ 2 ਦਿਨ ਬਾਅਦ ਹੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਫੇਸਬੁੱਕ ਪੋਸਟ ਪਾਕੇ ਜਥੇਦਾਰ ਦੇ ਬਿਆਨ ‘ਤੇ ਕਰੜਾ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਜੇਕਰ ਅਸੀਂ ਸਰਕਾਰਾਂ ਦੇ ਅੱਗੇ ਅਪੀਲ ਨਹੀਂ ਕਰਨੀ ਤਾਂ ਵੀਰ ਜੀ ਮੁਤਾਬਕ ਸਾਨੂੰ ਆਪਣੀ ਅਪੀਲ ਵੀ ਸੁਪਰੀਮ ਕੋਰਟ ਤੋਂ ਵਾਪਸ ਲੈ ਲੈਣੀ ਚਾਹੀਦੀ ਹੈ।
SGPC ਦੀਆਂ ਚੋਣਾਂ ਵੀ ਵੱਡੀ ਵਜ੍ਹਾ
ਸਿਆਸੀ ਜਾਣਕਾਰੀ ਮੁਤਾਬਿਕ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਇਹ ਬਿਆਨ ਸਿਰਫ਼ ਗ਼ੁੱਸਾ ਨਹੀਂ ਸੀ ਬਲਕਿ ਇਸ ਦੇ ਪਿੱਛੇ ਵੱਡਾ ਇਸ਼ਾਰਾ ਸੀ । ਅਕਾਲੀ ਦਲ ਦੇ ਨਾਲ ਰਾਜੋਆਣਾ ਅਤੇ ਉਨ੍ਹਾਂ ਦੀ ਭੈਣ ਦੀਆਂ ਨਜ਼ਦੀਕੀਆਂ ਜੱਗ ਜ਼ਾਹਿਰ ਹਨ । ਜਥੇਦਾਰ ਨੂੰ ਹਟਾਉਣ ਦੇ ਪਿੱਛੇ ਇੱਕ ਹੋਰ ਕਾਰਨ ਵੀ ਸੀ ਉਹ ਹੈ SGPC ਦੀਆਂ ਚੋਣਾਂ। ਹੁਣ ਜਦੋਂ ਗੁਰਦੁਆਰਾ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਵੋਟਾਂ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਹੋ ਸਕਦਾ ਹੈ । ਅਜਿਹੇ ਵਿੱਚ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਹੁਦੇ ‘ਤੇ ਰਹਿੰਦੇ ਹੋਏ ਸ਼੍ਰੋਮਣੀ ਕਮੇਟੀ ਜਾਂ ਫਿਰ ਅਕਾਲੀ ਦਲ ਦੀ ਖੁੱਲ ਕੇ ਮੁਖ਼ਾਲਫ਼ਤ ਕਰਨ ‘ਤੇ ਉੱਤਰ ਦੇ ਤਾਂ ਪਾਰਟੀ ਲਈ ਇਹ ਵੱਡਾ ਨੁਕਸਾਨ ਹੋ ਸਕਦਾ ਸੀ,ਉਸੇ ਵੇਲੇ ਉਨ੍ਹਾਂ ਦੇ ਲਈ ਜਥੇਦਾਰ ਨੂੰ ਹਟਾਉਣਾ ਮੁਸ਼ਕਿਲ ਜਾਂਦਾ।
ਕਿਉਂ ਉੱਠੀ ਜਥੇਦਾਰ ਨੂੰ ਹਟਾਉਣ ਦੀ ਮੰਗ
13 ਮਈ ਨੂੰ ਦਿੱਲੀ ਵਿੱਚ ਆਪ ਦੇ ਰਾਜ-ਸਭਾ ਦੇ ਐੱਮਪੀ ਰਾਘਵ ਚੱਢਾ ਦੀ ਮੰਗਣੀ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ‘ਤੇ SGPC ਅਤੇ ਸ਼੍ਰੋਮਣੀ ਅਕਾਲੀ ਦਲ ਕਾਫ਼ੀ ਨਰਾਜ਼ ਸੀ । ਅਗਲੇ ਹੀ ਦਿਨ 14 ਮਈ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਖੁੱਲ੍ਹੇਆਮ ਇਸ ਨਰਾਜ਼ਗੀ ਨੂੰ ਜ਼ਾਹਿਰ ਵੀ ਕਰ ਦਿੱਤਾ ਸੀ । ਇਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਟਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈ । ਪਰ ਸਿਰਫ਼ ਇਸ ਮਾਮਲੇ ਨੂੰ ਅਧਾਰ ਬਣਾ ਕੇ ਹਟਾਉਣ ‘ਤੇ ਵਿਵਾਦ ਹੋ ਸਕਦਾ ਸੀ ਇਸ ਲਈ SGPC ਕੋਈ ਠੋਸ ਅਧਾਰ ਤਲਾਸ਼ ਰਹੀ ਸੀ। ਇਸ ਇੱਕ ਮਹੀਨੇ ਦੇ ਅੰਦਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਲਗਾਤਾਰ 2 ਵਾਰ ਨਸੀਹਤ ਦਿੰਦੇ ਹੋਏ ਕਿਹਾ ਕਿ ਪਾਰਟੀ ਨੂੰ ਧਾਰਮਿਕ ਮਸਲੇ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜਦਕਿ ਉਹ ਰਾਜਸੀ ਮੁੱਦਿਆਂ ਨੂੰ ਜ਼ਿਆਦਾ ਤਵੱਜੋ ਦਿੰਦੇ ਹਨ ।