The Khalas Tv Blog Punjab ਕਾਲਕਾ ਨੇ ਉਠਾਏ ਵੱਖ-ਵੱਖ ਸਿੱਖ ਮੁੱਦੇ
Punjab

ਕਾਲਕਾ ਨੇ ਉਠਾਏ ਵੱਖ-ਵੱਖ ਸਿੱਖ ਮੁੱਦੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਫ਼ਤਰ ਵਿਵਾਦ ਨੂੰ ਲੈ ਕੇ ਜਿਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ, ਇਹ ਬਹੁਤ ਵੱਡਾ ਸੰਜੀਦਾ ਮੁੱਦਾ ਹੈ। ਇੱਕ ਆਫਿਸ ਉੱਤੇ ਕਬਜ਼ਾ ਕਰਨ ਦੇ ਲਈ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰ ਦਿੱਤੇ ਜਾਂਦੇ ਹਨ। 18 ਤਰੀਕ ਤੋਂ ਲੈ ਕੇ ਹੁਣ ਤੱਕ ਲੜੀਵਾਰ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਕਿਹਾ ਇਹ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਪਾਠ ਰਖਵਾਏ ਗਏ ਹਨ। ਉੱਥੇ 15-20 ਨਿਹੰਗ ਸਿੰਘ ਜਥੇਬੰਦੀਆਂ ਦੇ ਬੰਦੇ ਬੈਠੇ ਹਨ, 10-15 ਸ਼੍ਰੋਮਣੀ ਕਮੇਟੀ ਦੇ ਬੰਦੇ ਬੈਠੇ ਹਨ, ਉੱਥੇ ਦਿੱਲੀ ਸੰਗਤ ਦਾ ਕੋਈ ਬੰਦਾ ਨਹੀਂ ਜਾਂਦਾ। ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੰਪਲੈਕਸ ਵਿੱਚ ਜਿੱਥੇ ਦਫ਼ਤਰ ਸਥਿਤ ਹੈ, ਜੋ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਪ੍ਰਾਪਰਟੀ ਹੈ, ਉਹਦੇ ਉੱਤੇ ਕਬਜ਼ਾ ਕਰਕੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਨਾ ਰਖਵਾ ਕੇ ਦਫ਼ਤਰ ਵਿੱਚ ਅਖੰਡ ਪਾਠ ਰਖਵਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅੱਜ ਤੱਕ ਹੋਈਆਂ ਬੇਅਦਬੀਆਂ ਦੇ ਬਰਾਬਰ ਹੈ।

ਪੰਜਾਬ ਦੀ ਅਕਾਲੀ ਲੀਡਰਸ਼ਿਪ ਵੀ ਉੱਥੇ ਆ ਕੇ ਨਤਮਸਤਕ ਹੋ ਕੇ ਇਸ ਗੱਲ ਨੂੰ ਬੜਾਵਾ ਦੇ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਪੰਜ ਕਰੋੜ ਦਾ ਬਜਟ ਦਿੱਲੀ ਵਾਸਤੇ ਦਿੱਤਾ ਜਾਵੇਗਾ। ਕਾਲਕਾ ਨੇ ਧਾਮੀ ਨੂੰ ਸਵਾਲ ਕਰਦਿਆਂ ਕਿਹਾ ਕਿ ਜੋ ਪੰਜ ਕਰੋੜ ਦਾ ਤੁਸੀਂ ਬਜਟ ਦੇਣ ਦਾ ਐਲਾਨ ਕੀਤਾ ਹੈ, ਕੀ ਤੁਸੀਂ ਇਸਨੂੰ ਕਿਸੇ ਐਗਜ਼ੈਕਟਿਵ ਵਿੱਚ ਪਾਸ ਕਰਾਇਆ ਹੈ।

ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਦਿੱਲੀ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਮੁਫ਼ਤ ਬੱਸ ਲਿਜਾਣ ਦਾ ਦਾਅਵਾ ਕੀਤਾ ਹੈ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਹੀ ਦੇ ਰਹੀ ਹੈ। ਕਾਲਕਾ ਨੇ ਸਵਾਲ ਕੀਤਾ ਕਿ SGPC ਨੂੰ ਤਾਂ ਸਗੋਂ ਚਾਹੀਦਾ ਸੀ ਕਿ ਅੰਮ੍ਰਿਤਸਰ ਤੋਂ ਦਿੱਲੀ ਵਿੱਚ ਸਥਿਤ 9 ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਲਈ ਮੁਫ਼ਤ ਬੱਸ ਸਰਵਿਸ ਦੇਣੀ ਚਾਹੀਦੀ ਸੀ ਪਰ ਇਹ ਤਾਂ ਉਲ਼ਟੀ ਗੰਗਾ ਹੀ ਵਹਾ ਦਿੱਤੀ ਹੈ। ਕੀ SGPC ਨੂੰ ਅਧਿਕਾਰ ਹਨ ਕਿ ਉਹ ਦਿੱਲੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰੇ।

ਮਨਜੀਤ ਸਿੰਘ ਜੀਕੇ ਨੂੰ ਜਿੱਥੋਂ ਪਾਰਟੀ ਨੇ ਚੋਰੀ ਦਾ ਇਲਜ਼ਾਮ ਲਗਾ ਕੇ ਕੱਢਿਆ ਸੀ, ਅੱਜ ਜੀਤੇ ਉਸੇ ਦਫ਼ਤਰ ਵਿੱਚ ਜਾ ਕੇ ਅੱਜ ਅਵਤਾਰ ਸਿੰਘ ਹਿੱਤ ਦੇ ਨਾਲ ਬੈਠਾ ਹੈ। ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮੈਂਬਰ ਹਨ। ਸਾਡਾ ਬੀਜੇਪੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦਿੱਲੀ ਵਿੱਚ ਕੇਂਦਰ ਸਰਕਾਰ ਬੈਠੀ ਹੈ ਅਤੇ ਸਾਨੂੰ ਸਰਕਾਰ ਤੋਂ ਕੰਮ ਕਰਾਉਣੇ ਹਨ। ਅੱਠ ਮਈ ਨੂੰ ਭਾਈ ਮਤੀ ਦਾਸ ਚੌਂਕ ਦਾ ਉਦਘਾਟਨ ਕਰਨ ਜਾ ਰਹੇ ਹਾਂ। ਅਸੀਂ ਕਮੇਟੀ ਹਾਂ, ਪਾਰਟੀ ਨਹੀਂ। ਜੇ ਅਸੀਂ ਸਿੱਖ ਕੌਮ ਦੀਆਂ ਮੰਗਾਂ ਮਨਵਾਉਣੀਆਂ ਹਨ ਤਾਂ ਸਾਨੂੰ ਸਰਕਾਰਾਂ ਨਾਲ ਰਲ ਕੇ ਕੰਮ ਕਰਨਾ ਪੈਣਾ ਹੈ। ਮਨਜਿੰਦਰ ਸਿੰਘ ਸਿਰਸਾ ਬਿਲਕੁਲ ਖੁੱਲ੍ਹ ਕੇ ਬੀਜੇਪੀ ਵਿੱਚ ਗਏ ਹਨ। ਉਨ੍ਹਾਂ ਦੇ ਸਾਡੇ ਨਾਲ ਪੁਰਾਣੇ ਸਬੰਧ ਹਨ ਪਰ ਇਹਦਾ ਮਤਲਬ ਇਹ ਨਹੀਂ ਕਿ ਬੀਜੇਪੀ ਸਾਨੂੰ ਚਲਾ ਰਹੀ ਹੈ।

ਲਾਲ ਕਿਲ੍ਹੇ ਉੱਤੇ ਮਨਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਾਰੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕੇਂਦਰ ਸਰਕਾਰ ਨੇ ਸੱਦਾ ਭੇਜਿਆ ਸੀ। ਜੇ ਇਹ ਸਾਰੇ ਪ੍ਰੋਗਰਾਮ ਵਿੱਚ ਆਉਂਦੇ ਤਾਂ ਇੱਕ ਚੰਗਾ ਮੈਸੇਜ ਜਾਂਦਾ। ਇਸ ਪ੍ਰੋਗਰਾਮ ਉੱਤੇ ਸਰਕਾਰ ਨੇ ਤਿੰਨ ਕਰੋੜ 66 ਲੱਖ ਰੁਪਏ ਦਾ ਖਰਚ ਕੀਤਾ। ਕਾਲਕਾ ਨੂੰ ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਕਿ ਸਮਾਗਮ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਮਗਰੋਂ ਆਰਤੀ ਨਹੀਂ ਕੀਤੀ ਗਈ, ਦਾ ਜਵਾਬ ਦਿੰਦਿਆਂ ਕਿਹਾ ਕਿ ਇਹੋ ਜਿਹੀ ਕੋਈ ਮਰਿਆਦਾ ਹੈ ਨਹੀਂ। ਇਹ ਮਰਿਆਦਾ ਗੁਰੂ ਘਰ ਵਿੱਚ ਹੈ, ਕਿਸੇ ਮੈਦਾਨ ਵਿੱਚ ਨਹੀਂ ਹੈ। ਜੇ ਇਹ ਮਰਿਆਦਾ ਹੈ ਤਾਂ ਅਸੀਂ ਸਬੰਧਿਤ ਭਾਈ ਸਾਹਿਬ ਨਾਲ ਗੱਲ ਕਰਾਂਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਪਵਾਉਣ ਦੇ ਅਖਤਿਆਰ ਹਨ।

Exit mobile version