The Khalas Tv Blog Punjab ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ,ਬੀਬੀ ਜਗੀਰ ਕੌਰ ਨੂੰ ਹਰਾਇਆ, ਬੀਬੀ ਨੇ ਧੱਕੇ ਦਾ ਲਾਇਆ ਇਲਜ਼ਾਮ
Punjab Religion

ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ,ਬੀਬੀ ਜਗੀਰ ਕੌਰ ਨੂੰ ਹਰਾਇਆ, ਬੀਬੀ ਨੇ ਧੱਕੇ ਦਾ ਲਾਇਆ ਇਲਜ਼ਾਮ

Sgpc election result 2022 harjinder singh dhami won

4 ਵਾਰ ਦੀ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਪੰਜਵੀਂ ਵਾਰ ਪ੍ਰਧਾਨਗੀ ਦੀ ਚੋਣ ਹਾਰੀ

ਬਿਊਰੋ ਰਿਪੋਰਟ :  ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨਗੀ ਚੋਣ ਵਿੱਚ ਹਰਾ ਦਿੱਤਾ ਹੈ । ਧਾਮੀ ਦੇ ਹੱਕ ਵਿੱਚ 104 ਵੋਟਾਂ ਪਈਆਂ ਜਦਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲਿਆ। ਬਾਗ਼ੀ ਹੋਕੇ ਬੀਬੀ ਜਗੀਰ ਕੌਰ ਨੇ ਚੋਣ ਲੜੀ ਸੀ ਪਰ ਉਹ ਜਿੱਤ ਨਹੀਂ ਸਕੇ । ਪਿਛਲੀ ਵਾਰ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਹਾਸਲ ਹੋਈਆਂ ਸਨ ਜਦਕਿ ਇਸ ਵਾਰ 104 ਵੋਟਾਂ ਹੀ ਮਿਲਿਆ। ਧਾਮੀ ਨੂੰ ਦੂਜੀ ਵਾਰ ਸਿੱਖਾਂ ਦੀ ਸਿਰਮੋਰ ਸੰਸਥਾ SGPC ਦੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ । ਦੱਸਿਆ ਜਾ ਰਿਹਾ ਹੈ 157 ਮੈਂਬਰਾਂ ਵਿੱਚੋ 146 SGPC ਮੈਂਬਰ ਹੀ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੌਜਦ ਸਨ । ਪ੍ਰਧਾਨ ਬਣਨ ਦੇ ਲਈ 74 ਵੋਟਾਂ ਦੀ ਜ਼ਰੂਰਤ ਸੀ । ਵੋਟਿੰਗ ਦੌਰਾਨ ਇਸ ਵਾਰ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਲਾਊਡ ਸਪੀਕਰ ਦੇ ਜ਼ਰੀਏ ਹੀ ਜਾਣਕਾਰੀ ਦਿੱਤੀ ਗਈ । ਨਿਰਪੱਖ ਵੋਟਿੰਗ ਦੇ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਕੋਨੇ ਵਿੱਚ ਇੱਕ ਪਰਦਾ ਲਗਾਇਆ ਗਿਆ ਸੀ । ਇਸੇ ਪਰਦੇ ਦੇ ਪਿੱਛੇ ਜਾਕੇ ਇੱਕ-ਇੱਕ ਕਰਕੇ SGPC ਦੇ ਮੈਂਬਰਾਂ ਵੱਲੋਂ ਨਵੇਂ ਪ੍ਰਧਾਨ ਨੂੰ ਚੁਣਨ ਦੇ ਲਈ ਬੈਲੇਟੇ ‘ਤੇ ਮੋਹਰ ਲਗਾਈ । ਉਸ ਤੋਂ ਬਾਅਦ ਬਾਹਰ ਆਕੇ ਇੱਕ ਬਾਕਸ ਵਿੱਚ ਬੈਲੇਟ ਨੂੰ ਪਾਇਆ ਜਾ ਰਿਹਾ ਸੀ । ਤਕਰੀਬਨ ਡੇਢ ਘੰਟੇ ਤੱਕ ਵੋਟਿੰਗ ਦੀ ਪ੍ਰਕਿਆ ਚੱਲੀ। 2 ਵਜ ਕੇ 50 ਮਿੰਟ ‘ਤੇ ਵੋਟਿੰਗ ਦੀ ਪੂਰੀ ਪ੍ਰਕਿਆ ਨੇਪੜੇ ਚੜੀ। ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਗਈ ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ । ਉਧਰ 11 ਮੈਂਬਰੀ ਐਗਜ਼ੈਕਟਿਵ ਕਮੇਟੀ ਵਿੱਚ ਬੀਬੀ ਜਗੀਰ ਕੌਰ ਦੇ ਧੜੇ ਵਿੱਚੋਂ ਤਿੰਨ ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ ਜਦਕਿ ਧਾਮੀ ਧੜੇ ਦੇ 8 ਮੈਂਬਰ ਹੋਣਗੇ ।

ਬੀਬੀ ਜਗੀਰ ਕੌਰ ਦਾ ਇਲਜ਼ਾਮ

ਬੀਬੀ ਜਗੀਰ ਕੌਰ ਨੇ  ਹਰਜਿੰਦਰ ਸਿੰਘ ਧਾਮੀ ਨੂੰ ਜਿੱਤ ਦੀ ਵਧਾਈ ਦਿੱਤੀ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਇਹ ਚੋਣਾਂ ਦੌਰਾਨ ਧੱਕੇਸ਼ਾਹੀ ਕੀਤੀ ਗਈ ਉਸ ਦੇ ਬਾਵਜੂਦ ਉਨ੍ਹਾਂ ਨੂੰ 42 ਵੋਟਾਂ ਮਿਲਿਆ ਹਨ ਇਸ ਦੇ ਲਈ ਉਹ ਮੈਂਬਰਾਂ ਦੇ ਸ਼ੁੱਕਰਗੁਜ਼ਾਰ ਹਨ।  ਜਗੀਰ ਕੌਰ ਨੇ ਦਾਅਵਾ ਕੀਤਾ ਕਿ ਮੈਂ ਹਾਰ ਕੇ ਵੀ ਜਿੱਤੀ ਹਾਂ, ਉਨ੍ਹਾਂ ਕਿਹਾ ਮੈਨੂੰ  25 ਤੋਂ ਵੀ ਘੱਟ ਵੋਟਾਂ ਮਿਲਣ ਦਾ ਦਾਅਵਾ ਕਰਨ ਵਾਲੇ ਸੁਖਬੀਰ ਬਾਦਲ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਵਿਖਾ ਦਿੱਤਾ ਹੈ ਕਿ ਕਿਵੇਂ ਆਪਣੇ ਦਮ ਤੇ ਪ੍ਰਧਾਨ ਦੀ ਚੋਣ ਲੜੀ ਜਾ ਸਕਦੀ ਹੈ।   ਬੀਬੀ ਜਗੀਰ ਕੌਰ ਦਾ ਇਹ ਦਾਅਵਾ ਕਿਧਰੇ ਨਾ ਕਿਧਰੇ ਇਹ ਸਪਸ਼ਟ ਕਰ ਰਿਹਾ ਹੈ ਕਿ  ਸੁਖਬੀਰ ਬਾਦਲ ਖਿਲਾਫ਼ ਬਗਾਵਤੀ ਆਵਾਜ਼ਾਂ ਹੋਰ ਬੁਲੰਦ ਹੋਈਆ ਹਨ । ਸੁਖਬੀਰ ਬਾਦਲ ਪਿਛਲੀ ਵਾਰ ਨਾਲੋਂ ਵੱਧ ਵੋਟਾਂ ਨਾਲ ਧਾਮੀ ਦੀ ਜਿੱਤ ਦਾ ਦਾਅਵਾ ਕਰ ਰਹੇ ਸਨ। ਪਰ ਧਾਮੀ ਪਿਛਲੀ ਵਾਰ 122 ਵੋਟਾਂ ਦੀ ਤਾਂ ਸਿਰਫ਼ 104 ਵੋਟਾਂ ਹੀ ਹਾਸਲ ਕਰ ਸਕੇ। ਇਸ ਤੋਂ ਪਹਿਲਾਂ ਸਵੇਰ ਵੇਲੇ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਸੀ ਕਿ ਜੇਕਰ ਬੀਬੀ ਜਗੀਰ ਕੌਰ ਨੂੰ 25 ਤੋਂ ਘੱਟ ਵੋਟਾਂ ਮਿਲਦੀਆਂ ਹਨ ਤਾਂ ਉਹ ਅਕਾਲੀ ਦਲ ਸੰਯੁਕਤ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਪਰ ਢੀਂਡਸਾ ਦਾ ਦਾਅਵਾ ਸਹੀ ਸਾਬਿਤ ਹੋਇਆ ਹੈ ।

ਸ਼੍ਰੋਮਣੀ ਕਮੇਟੀ ਮੈਂਬਰ ਅਰਵਿੰਦਰ ਸਿੰਘ ਪੱਖੋਕੇ ਵਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਪ੍ਰਧਾਨਗੀ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਜਿਸਦੀ ਤਾਈਦ ਭਗਵੰਤ ਸਿੰਘ ਸਿਆਲਕਾ ਨੇ ਕੀਤੀ ਜਦੋਂ ਕਿ ਤਾਈਦ ਦੀ ਮਜੀਦ ਨਵਤੇਜ ਸਿੰਘ ਕਾਉਣੀ ਨੇ ਕੀਤੀ। ਉਧਰ ਵਿਰੋਧੀ ਧਿਰਾਂ ਵੱਲੋਂ ਬੀਬੀ ਜਗੀਰ ਕੌਰ ਦਾ ਨਾਂ ਪ੍ਰਧਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਵਲੋਂ ਪੇਸ਼ ਕੀਤਾ ਗਿਆ ਜਿਸਦੀ ਤਾਈਦ ਮਿੱਠੂ ਸਿੰਘ ਕਾਹਨੇਕੇ ਨੇ ਕੀਤੀ ਜਦੋਂ ਕਿ ਤਾਈਦ ਦੀ ਮਜੀਦ ਗੁਰਬਖ਼ਸ਼ ਸਿੰਘ ਨੇ ਕੀਤੀ ਸੀ ।

ਵੋਟਿੰਗ ਤੋਂ ਪਹਿਲਾਂ ਬੀਬੀ ਜਗੀਰ ਕੌਰ ਦਾ ਬਿਆਨ

ਵੋਟਿੰਗ ਤੋਂ ਪਹਿਲਾਂ ਬੀਬੀ ਜਗੀਰ ਨੇ ਦਾਅਵਾ ਕੀਤਾ ਸੀ ਕਿ ਮੈਨੂੰ ਸਿੱਖ ਦੀ ਸੋਚ ਅਤੇ ਸ੍ਰੀ ਗੁਰੂ ਰਾਮਦਾਸ ‘ਤੇ ਵਿਸ਼ਵਾਸ਼ ਹੈ,ਉਨ੍ਹਾਂ ਨੇ ਮੈਂਬਰਾਂ ਨੂੰ ਆਜ਼ਾਦ ਮਨ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਸੀ । ਪਰ ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਸੀ ਕਿ ਕਿੰਨੇ ਮੈਂਬਰ ਉਨ੍ਹਾਂ ਨੂੰ ਹਿਮਾਇਤ ਦੇ ਰਹੇ ਹਨ ਤਾਂ ਉਨ੍ਹਾਂ ਗਿਣਤੀ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਦਕਿ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਬਿਨਾਂ ਮੀਡੀਆ ਨਾਲ ਗੱਲ ਕਰਕੇ ਇਜਲਾਸ ਦੇ ਅੰਦਰ ਚੱਲੇ ਗਏ ਸਨ ।

 

Exit mobile version