ਬਿਉਰੋ ਰਿਪੋਰਟ – ਭਲਵਾਨ ਵਿਨੇਸ਼ ਫੋਗਾਟ (VINESH PHOGAT) ਨੇ ਪੈਰਿਸ ਓਲੰਪਿਕ (PARIS OLYPIC 2024) ਵਿੱਚ ਭਾਰਤੀ ਦਲ ਵੱਲੋਂ ਕੋਈ ਮਦਦ ਨਾ ਮਿਲਣ ਦਾ ਜਿਹੜਾ ਇਲਜ਼ਾਮ ਲਗਾਇਆ ਸੀ ਉਸ ‘ਤੇ ਹੁਣ ਉਨ੍ਹਾਂ ਦਾ ਕੇਸ CAS ਵਿੱਚ ਲੜਨ ਵਾਲੇ ਸੀਨੀਅਰ ਵਕੀਲ ਹਰੀਸ਼ ਸਾਲਵੇ ਦਾ ਬਿਆਨ ਸਾਹਮਣੇ ਆਇਆ ਹੈ । ਸਾਲਵੇ ਨੇ ਕਿਹਾ ਕਿ ਉਹ ਸਵਿਸ ਕੋਰਟ ਵਿੱਚ ਚੁਣੌਤੀ ਦੇਣਾ ਚਾਹੁੰਦੇ ਸੀ ਪਰ ਵਿਨੇਸ਼ ਨੇ ਆਪਣੇ ਵਕੀਲਾਂ ਦੇ ਜ਼ਰੀਏ ਅੱਗੇ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ।
ਸਾਲਵੇ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਕੁਝ ਦਿਨ ਪਹਿਲਾਂ ਵਿਨੇਸ਼ ਫੋਗਾਟ ਨੇ ਇੱਕ ਇੰਟਰਵਿਊ ਨੂੰ ਕਿਹਾ ਸੀ ਕਿ ਪੈਰਿਸ ਓਲੰਪਿਕ ਵਿੱਚ ਡਿਸਕੁਆਲੀਫਾਈ ਹੋਣ ਦੇ ਬਾਅਦ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਹੈ । ਖੇਡ ਕੋਰਟ ਵਿੱਚ ਵੀ ਉਨ੍ਹਾਂ ਨੇ ਆਪ ਹੀ ਕੇਸ ਕੀਤਾ ਸੀ । ਭਾਰਤੀ ਦਲ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਤੱਕ ਨਹੀਂ ਸੀ ।
ਵਿਨੇਸ਼ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ‘ਤੇ ਇਲਜ਼ਾਮ ਲਗਾਇਆ ਸੀ ਕਿ ਹਸਪਤਾਲ ਵਿੱਚ ਭਰਤੀ ਰਹਿਣ ਦੇ ਦੌਰਾਨ ਬਿਨਾਂ ਇਜਾਜ਼ਤ ਦੇ ਉਨ੍ਹਾਂ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗਈ ।
ਵਿਨੇਸ਼ ਫੋਗਾਟ ਓਲੰਪਿਕ ਵਿੱਚ 100 ਗਰਾਮ ਵਧੇ ਵਜ਼ਨ ਦੀ ਵਜ੍ਹਾ ਕਰਕੇ ਫਾਈਨਲ ਮੁਕਾਬਲੇ ਤੋਂ ਬਾਹਰ ਹੋ ਗਈ ਸੀ । ਇਸ ਦੇ ਬਾਅਦ ਉਨ੍ਹਾਂ ਨੂੰ ਬਿਨਾਂ ਮੈਡਲ ਦੇ ਵਾਪਸ ਆਉਣਾ ਪਿਆ ਸੀ । ਦੇਸ਼ ਪਰਤਨ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਜੁਲਾਨਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ ।