‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਲੀਡਰ ਚਰਨਜੀਤ ਚੰਨੀ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਫੋਨ ਆਉਣ ਤੋਂ ਬਾਅਦ ਅੱਜ ਵਾਲੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਹੈ। ਚੰਨੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰੀਸ਼ ਰਾਵਤ ਨੇ ਉਨ੍ਹਾਂ ਨੂੰ ਪ੍ਰੈੱਸ ਕਾਨਫਰੰਸ ਨਾ ਕਰਨ ਲਈ ਕਿਹਾ ਹੈ।
ਹਰੀਸ਼ ਰਾਵਤ ਨੇ ਫੋਨ ‘ਤੇ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਗੱਲ ਕੀਤੀ। ਹਰੀਸ਼ ਰਾਵਤ ਨੇ ਕਿਹਾ ਕਿ, “ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਤਰ੍ਹਾਂ ਦੀ ਵੀਜੀਲੈਂਸ ਜਾਂਚ ਕਰਵਾਉਣਾ ਬੇਹੱਦ ਗਲ਼ਤ ਹੈ। ਇਸ ਨਾਲ ਪਾਰਟੀ ਵਿੱਚ ਤਣਾਅ ਵਧੇਗਾ ਅਤੇ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।”
ਪ੍ਰਤਾਪ ਸਿੰਘ ਬਾਜਵਾ ਨੇ ਹਰੀਸ਼ ਰਾਵਤ ਨੂੰ ਜਵਾਬ ਦਿੰਦਿਆਂ ਕਿਹਾ ਕਿ, “ਹਾਈਕਮਾਨ ਨੂੰ ਇਸ ਪੂਰੇ ਮਾਮਲੇ ਵਿੱਚ ਜਲਦ ਦਖਲ ਦੇਣਾ ਚਾਹੀਦਾ ਹੈ। ਕਰੋਨਾ ਕਾਲ ਵਿੱਚ ਆਪਸੀ ਖਿੱਚੋਤਾਣ ਨਾਲ ਸਰਕਾਰ ਦਾ ਲੋਕਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ। ਸਰਕਾਰ ਨੂੰ ਵਿਜੀਲੈਂਸ ਦੀ ਜਾਂਚ ਕਰਵਾਉਣ ਦੀ ਬਜਾਏ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣਾ ਚਾਹੀਦਾ ਹੈ।” ਹਰੀਸ਼ ਰਾਵਤ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਭਰੋਸਾ ਦਿੱਤਾ ਕਿ ਹਾਈਕਮਾਨ ਜਲਦ ਇਸ ਮਾਮਲੇ ਨੂੰ ਸੁਲਝਾਏਗੀ। ਹਰੀਸ਼ ਰਾਵਤ ਨੇ ਚਰਨਜੀਤ ਚੰਨੀ, ਪਰਗਟ ਸਿੰਘ ਸਮੇਤ ਅੱਜ ਕਈ ਲੀਡਰਾਂ ਨਾਲ ਫੋਨ ‘ਤੇ ਗੱਲ ਕੀਤੀ।