ਬਿਉਰੋ ਰਿਪੋਰਟ – ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਜਸਭਾ ਮੈਂਬਰਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵਾਰ-ਵਾਰ ਆਮ ਆਦਮੀ ਪਾਰਟੀ ਤੋਂ ਸਵਾਲ ਪੁੱਛੇ ਜਾ ਰਹੇ ਹਨ। ਅਜਿਹੇ ਵਿੱਚ ਰਾਜਸਭਾ ਐੱਮਪੀ ਕ੍ਰਿਕੇਟਰ ਹਰਭਜਨ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਹਰਭਜਨ ਸਿੰਘ ਨੇ ਕਿਹਾ ਮੈਨੂੰ ਪਾਰਟੀ ਵਿੱਚ ਕਿਸੇ ਨੇ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣ ਲਈ ਨਹੀਂ ਕਿਹਾ ਹੈ। ਮੇਰਾ ਨਾਂ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਵੀ ਨਹੀਂ ਹੈ। ਜਦੋਂ ਮੈਨੂੰ ਕੋਈ ਡਿਊਟੀ ਨਹੀਂ ਸੌਂਪੀ ਜਾਵੇਗੀ ਤਾਂ ਕਿਵੇਂ ਪ੍ਰਚਾਰ ਵਿੱਚ ਸ਼ਾਮਲ ਹੋਵਾਂਗਾ। ਭੱਜੀ ਨੇ ਕਿਹਾ 18 ਮਹੀਨੇ ਪਹਿਲਾਂ ਮੈਂ ਪਾਰਟੀ ਦੇ ਲਈ ਗੁਜਰਾਤ ਵਿੱਚ ਪ੍ਰਚਾਰ ਕੀਤਾ ਸੀ।
CM ਮਾਨ ਨੇ ਵੀ ਦਿਲਚਸਪੀ ਨਹੀਂ ਵਿਖਾਈ
ਹਰਭਜਨ ਸਿੰਘ ਨੇ ਕਿਹਾ ਜਦੋਂ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਸਨ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਮੈਂ ਪੰਜਾਬ ਆ ਰਿਹਾ ਹਾਂ, ਪਰ ਉਨ੍ਹਾਂ ਨੇ ਮੈਨੂੰ ਪ੍ਰਚਾਰ ਕਰਨ ਦੇ ਲਈ ਨਹੀਂ ਕਿਹਾ, ਉਨ੍ਹਾਂ ਨੇ ਸਿਰਫ਼ ਏਨਾਂ ਕਿਹਾ ਸੀ ਅਸੀਂ ਜਲਦ ਮਿਲਦੇ ਹਾਂ। ਉਨ੍ਹਾਂ ਕਿਹਾ ਮੈਂ ਆਪਣੀ ਪਾਰਟੀ ਦੇ ਨਾਲ ਖੜਾ ਹਾਂ ਜੇ ਉਹ ਮੈਨੂੰ ਪ੍ਰਚਾਰ ਲਈ ਕਹਿਣਗੇ ਤਾਂ ਮੈਂ ਜ਼ਰੂਰ ਚੋਣ ਮੈਦਾਨ ਵਿੱਚ ਉਤਰਾਂਗਾ।
ਜਦੋਂ ਹਰਭਜਨ ਸਿੰਘ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਕੇਜਰੀਵਾਲ ਦੀ ਜੇਲ੍ਹ ਵਾਲੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਨਹੀਂ ਲਾਈ ਤਾਂ ਉਨ੍ਹਾਂ ਕਿਹਾ ਮੈਨੂੰ ਕਿਸੇ ਨੇ ਅਜਿਹਾ ਕਰਨ ਲਈ ਨਹੀਂ ਕਿਹਾ ਸੀ।
ਹਰਭਜਨ ਸਿੰਘ ਨੇ ਰਾਮ ਮੰਦਰ ਵਾਲੇ ਬਿਆਨ ’ਤੇ ਵੀ ਸਫ਼ਾਈ ਦਿੱਤੀ ਹੈ। ਭੱਜੀ ਨੇ ਮੰਦਰ ਦੇ ਉਦਘਾਟਨ ਵੇਲੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਸੀ ਕਿ ਉਹ ਅਯੁੱਧਿਆ ਜ਼ਰੂਰ ਜਾਣਗੇ ਭਾਵੇ ਕੋਈ ਪਾਰਟੀ ਜਾਵੇ ਜਾਂ ਨਾ ਜਾਵੇ। ਉਸ ਵੇਲੇ ਸਵਾਲ ਉੱਠੇ ਸਨ ਕਿ ਹਰਭਜਨ ਸਿੰਘ ਅਸਿੱਧੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਹਾਲਾਂਕਿ ਭੱਜੀ ਨੇ ਹੁਣ ਕਿਹਾ ਕਿ ਮੇਰਾ ਮਤਲਬ ਸੀ ਕਿ ਉਨ੍ਹਾਂ ਦਾ ਭਗਵਾਨ ਰਾਮ ’ਤੇ ਪੂਰਾ ਵਿਸ਼ਵਾਸ਼ ਹੈ,ਪਰ ਫਿਰ ਵੀ ਉਹ ਹੁਣ ਤੱਕ ਨਹੀਂ ਜਾ ਸਕੇ।
ਇਸ ਤੋਂ ਪਹਿਲਾਂ ਰਾਘਵ ਚੱਢਾ ਵੀ ਅੱਖ ਦੇ ਆਪਰੇਸ਼ਨ ਦੀ ਵਜ੍ਹਾ ਕਰਕੇ ਇੰਗਲੈਂਡ ਵਿੱਚ ਹਨ, ਉਨ੍ਹਾਂ ਦੀ ਗੈਰ ਹਾਜ਼ਰੀ ਨੂੰ ਵੀ ਈਡੀ ਦੇ ਡਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਤ ਬਲਬੀਰ ਸਿੰਘ ਸੀਚੇਵਾਲੇ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਕਿ ਮੈਨੂੰ ਜਦੋਂ ਰਾਜ ਸਭਾ ਮੈਂਬਰ ਬਣਾਇਆ ਸੀ ਤਾਂ ਸਾਫ਼ ਕਰ ਦਿੱਤਾ ਸੀ ਕਿ ਉਹ ਕਿਸੇ ਪਾਰਟੀ ਦੇ ਲਈ ਪ੍ਰਚਾਰ ਨਹੀਂ ਕਰਨਗੇ।
ਉੱਧਰ ਲਵਲੀ ਯੂਨੀਵਰਸਿਟੀ ਦੇ ਮਾਲਿਕ ਸਨਅਤਕਾਰ ਰਾਜਸਭਾ ਐੱਮਪੀ ਅਸ਼ੋਕ ਮਿੱਤਲ ਨੇ ਕਿਹਾ ਮੈਨੂੰ ਵੀ ਪ੍ਰਚਾਰ ਕਰਨ ਲਈ ਨਹੀਂ ਕਿਹਾ ਗਿਆ ਹੈ। ਹੋ ਸਕਦਾ ਹੈ ਪਾਰਟੀ ਨੂੰ ਲੱਗਦਾ ਹੋਵੇ ਕਿ ਉਹ ਚੰਗੇ ਬੁਲਾਰੇ ਨਹੀਂ ਹਨ। ਪੰਜਾਬ ਤੋਂ ਇੱਕ ਹੋਰ ਐੱਮਪੀ ਵਿਕਰਮਜੀਤ ਸਿੰਘ ਸਾਹਨੀ ਵੀ ਪਾਰਟੀ ਦੇ ਲਈ ਪ੍ਰਚਾਰ ਨਹੀਂ ਕਰ ਰਹੇ ਹਨ। ਫਿਲਹਾਲ ਉਨ੍ਹਾਂ ਦਾ ਅਜੇ ਤਕ ਕੋਈ ਬਿਆਨ ਨਹੀਂ ਆਇਆ।