ਬਿਉਰੋ ਰਿਪੋਰਟ – ਚੰਡੀਗੜ੍ਹ (CHANDIGARH) ਦੇ ਸੈਕਟਰ 10 ਦੀ ਕੋਠੀ ਨੰਬਰ 575 D ਵਿੱਚ ਹੈਂਡ ਗ੍ਰਨੇਡ ਦੇ ਨਾਲ ਹੋਈ ਹਮਲੇ ਮਾਮਲੇ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ। ਇਸ ਵਿੱਚ ਹੈੱਪੀ ਪਸ਼ੀਰਾ ਨਾਂ ਦੇ ਸ਼ਖ਼ਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਨਿਸ਼ਾਨੇ ’ਤੇ ਸਾਬਕਾ ਪੁਲਿਸ ਅਧਿਕਾਰੀ ਸੀ। ਹਾਲਾਂਕਿ ’ਦ ਖਾਲਸ ਟੀਵੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।
ਹਮਲੇ ਨੂੰ ਲੈ ਕੇ ਸਾਹਮਣੇ ਆਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ “ਅਸੀਂ 1986 ਵਿੱਚ ਨਕੋਦਰ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰਦੇ ਹੋਏ ਸੈਕਟਰ 10 ਦੀ ਕੋਠੀ ਨੰਬਰ 575 D ਵਿੱਚ ਗ੍ਰਨੇਡ ਨਾਲ ਹਮਲਾ ਕਰਕੇ SP ਗੁਰਕੀਰਤ ਚਹਿਲ ਨੂੰ ਉਸ ਦੇ ਗੰਨਮੈਨ ਨਾਲ ਉਡਾ ਕੇ ਉਸ ਨੂੰ ਵੱਡੀ ਸਜ਼ਾ ਦਿੱਤੀ ਹੈ, ਬੱਬਰ ਖ਼ਾਲਸਾ ਇੰਟਰਨੈਸ਼ਨਲ।”
ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਮੁਹਾਲੀ ਪੁਲਿਸ ਨੇ 2023 ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ SP ਨੂੰ ਨਿਸ਼ਾਨਾ ਬਣਾਉਣ ਦੇ ਲਈ ਆਏ ਸੀ। ਹੈਪੀ ਪਸ਼ੀਰਾ ਗੈਂਗਸਟਰ ਹਰਜਿੰਦਰ ਸਿੰਘ ਰਿੰਦਾ ਦਾ ਸਾਥੀ ਦੱਸਿਆ ਜਾਂਦਾ ਹੈ। ਰਿੰਦਾ ਦੇ ਪਾਕਿਸਤਾਨ ਵਿੱਚ ਹੋਣ ਦੀ ਖ਼ਬਰ ਹੈ। ਪਿਛਲੇ ਸਾਲ ਉਸ ਦੇ ਮਾਰੇ ਜਾਣ ਦੀ ਵੀ ਖ਼ਬਰ ਸੀ ਪਰ ਉਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ।
ਚੰਡੀਗੜ੍ਹ ਗ੍ਰਨੇਡ ਹਮਲੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਆਟੋ ਚਾਲਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਬੈਠ ਕੇ ਹਮਲਾ ਆਏ ਸਨ। ਪੁਲਿਸ ਨੇ 2 ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਜਿਨ੍ਹਾਂ ’ਤੇ 2 ਲੱਖ ਦਾ ਇਨਾਮ ਰੱਖਿਆ ਗਿਆ ਹੈ।