The Khalas Tv Blog India ਭਾਰਤ ’ਚ ਪਹਿਲੀ ਵਾਰ ਐਲਾਨੀ ‘ਹੈਪੀਨੈੱਸ ਰਿਪੋਰਟ’, ਪੰਜਾਬ ਸਭ ਤੋਂ ਖ਼ੁਸ਼ਹਾਲ ਰਾਜ
India

ਭਾਰਤ ’ਚ ਪਹਿਲੀ ਵਾਰ ਐਲਾਨੀ ‘ਹੈਪੀਨੈੱਸ ਰਿਪੋਰਟ’, ਪੰਜਾਬ ਸਭ ਤੋਂ ਖ਼ੁਸ਼ਹਾਲ ਰਾਜ

‘ਦ ਖ਼ਾਲਸ ਬਿਊਰੋ ( ਗੁਰਪ੍ਰੀਤ ਕੌਰ ) :- ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਦੇਸ਼ ਵਿੱਚ ਪਹਿਲੀ ਵਾਰੀ ‘ਆਲ ਇੰਡੀਆ ਹੈਪੀਨੈਸ ਰਿਪੋਰਟ- 2020’ ਜਾਰੀ ਕੀਤੀ ਗਈ ਹੈ। ਇਹ ਰਿਪੋਰਟ ਭਾਰਤ ਦੇ ਪ੍ਰਮੁੱਖ ਪ੍ਰਬੰਧਨ ਰਣਨੀਤੀ ਮਾਹਿਰ ਪ੍ਰੋਫੈਸਰ ਰਾਜੇਸ਼ ਕੇ ਪਿਲਾਨੀਆ ਵੱਲੋਂ ਜਾਰੀ ਕੀਤੀ ਗਈ ਹੈ ਜੋ ਮਾਰਚ ਅਤੇ ਜੁਲਾਈ 2020 ਦੇ ਦੌਰਾਨ 16,950 ਵਿਅਕਤੀਆਂ ਦੇ ਨਾਲ ਕੀਤੇ ਗਏ ਕੌਮੀ ਸਰਵੇਖਣ ’ਤੇ ਆਧਾਰਿਤ ਹੈ। ਇਸ ਤੋਂ ਪਤਾ ਚੱਲੇਗਾ ਕਿ ਦੇਸ਼ ਭਰ ਵਿੱਚ ਲੋਕਾਂ ਦੀ ਖ਼ੁਸ਼ਹਾਲੀ ਲਈ ਕੀ ਜ਼ਰੂਰੀ ਹੈ ਅਤੇ ਲੋਕਾਂ ਦੀ ਖ਼ੁਸ਼ਹਾਲੀ ’ਤੇ COVID-19 ਦਾ ਕੀ ਅਸਰ ਪਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਰਿਪੋਰਟ ਵਿੱਚ ਪੰਜਾਬ ਦੇ ਲੋਕ ਸਭ ਤੋਂ ਖ਼ੁਸ਼ਹਾਲ ਦੱਸੇ ਗਏ ਹਨ।

ਇਸ ਰਿਪੋਰਟ ਮੁਤਾਬਕ ਜੇ ਭਾਰਤ ਦੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਮੂਹਿਕ ਖ਼ੁਸ਼ਹਾਲੀ ਰੈਂਕਿੰਗ ਦੀ ਗੱਲ ਕੀਤੀ ਜਾਏ ਤਾਂ ਮਿਜ਼ੋਰਮ ਸਿਖ਼ਰ ’ਤੇ ਹੈ। ਦੂਜੇ ਨੰਬਰ ’ਤੇ ਪੰਜਾਬ ਸੂਬਾ ਅਤੇ ਤੀਜੇ ਨੰਬਰ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦਾ ਸਥਾਨ ਹੈ। 

ਦੇਸ਼ ਦੇ ਵੱਡੇ ਸੂਬਿਆਂ ਦੀ ਰੈਂਕਿੰਗ ਵਿੱਚ ਪੰਜਾਬ, ਗੁਜਰਾਤ ਅਤੇ ਤੇਲੰਗਾਨਾ ਮੋਹਰੀ ਹਨ। ਛੋਟੇ ਸੂਬਿਆਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਮਿਜ਼ੋਰਮ, ਸਿੱਕਮ ਅਤੇ ਅਰੁਣਾਂਚਲ ਪ੍ਰਦੇਸ਼ ਸਿਖ਼ਰ ’ਤੇ ਹਨ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰੈਂਕਿੰਗ ਵਿੱਚ ਸਭ ਤੋਂ ਪਹਿਲਾਂ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਪੁਡੁਚੇਰੀ ਅਤੇ ਲਕਸ਼ਦੀਪ ਦਾ ਨਾਂ ਸ਼ਾਮਲ ਹੈ। 

 

ਇੰਨ੍ਹਾਂ ਸੂਬਿਆਂ ਦੀ ਖ਼ੁਸ਼ਹਾਲੀ ’ਤੇ ਪਿਆ ਕੋਵਿਡ-19 ਦਾ ਸਭ ਤੋਂ ਬੁਰਾ ਪ੍ਰਭਾਵ

ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਦੇਸ਼ ਦੀ ਆਰਥਿਕ ਰਾਜਧਾਨੀ ਮਹਾਰਾਸ਼ਟਰ ਨੂੰ ਬੁਰੇ ਨਤੀਜੇ ਝੱਲਣੇ ਪਏ। ਰਿਪੋਰਟ ਮੁਤਾਬਕ ਸੂਬਿਆਂ ਦੀ ਗੱਲ ਕੀਤੀ ਜਾਏ ਤਾਂ ਮਹਾਂਰਾਸ਼ਟਰ, ਦਿੱਲੀ ਅਤੇ ਹਰਿਆਣਾ ਵਿੱਚ ਖੁਸ਼ਹਾਲੀ ’ਤੇ ਕੋਵਿਡ -19 ਦਾ ਸਭ ਤੋਂ ਵੱਡਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ ਜਦਕਿ ਪੁਡੁਚੇਰੀ ਤੇ ਜੰਮੂ-ਕਸ਼ਮੀਰ ਪਹਿਲਾਂ ਦੀ ਸਥਿਤੀ ਵਿੱਚ ਹਨ। ਇਸ ਦੇ ਨਾਲ ਹੀ ਮਣੀਪੁਰ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਤੇ ਲਕਸ਼ਦੀਪ ਵਿੱਚ ਖ਼ੁਸ਼ਹਾਲੀ ’ਤੇ COVID -19 ਦਾ ਸਭ ਤੋਂ ਘੱਟ ਅਸਰ ਦੇਖਣ ਨੂੰ ਮਿਲਿਆ ਹੈ। ਪ੍ਰੋਫੈਸਰ ਪਿਲਾਨੀਆ ਮੁਤਾਬਕ ਭਾਰਤ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ।

ਪ੍ਰੋਫੈਸਰ ਪਿਲਾਨੀਆ ਨੇ ਦੱਸਿਆ ਕਿ ਲਿੰਗ ਤੇ ਖ਼ੁਸ਼ੀ ਵਿਚਾਲੇ ਖ਼ਾਸ ਸਬੰਧ ਨਹੀਂ ਸਨ, ਬਲਕਿ ਵਿਆਹੁਤਾ ਸਥਿਤੀ, ਸਿੱਖਿਆ ਤੇ ਆਮਦਨ ਸਕਾਰਾਤਮਕ ਤੌਰ ’ਤੇ ਬੰਦੇ ਦੀ ਖ਼ੁਸ਼ੀ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਸਰਵੇਖਣ ਦੇ ਨਤੀਜਿਆਂ ਮੁਤਾਬਕ ਵਿਆਹੇ ਲੋਕ ਕਵਾਰਿਆਂ ਨਾਲੋਂ ਵਧੇਰੇ ਖ਼ੁਸ਼ ਹਨ। ਹਾਰਵਰਡ ਦੇ ਲੰਬੇ ਸਮੇਂ ਦੇ ਅਧਿਐਨ ਨੇ 70 ਸਾਲਾਂ ਦੌਰਾਨ ਲੋਕਾਂ ਦਾ ਅਨੁਸਰਣ ਕੀਤਾ ਅਤੇ ਇਹ ਵੀ ਪਾਇਆ ਕਿ ਸਥਿਰ ਰਿਸ਼ਤੇ ਵਾਲੇ ਦੂਜਿਆਂ ਨਾਲੋਂ ਵਧੇਰੇ ਖੁਸ਼ ਸਨ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ‘ਇੰਡੀਆ ਹੈਪੀਨੈਸ ਰਿਪੋਰਟ’ ਪ੍ਰਕਾਸ਼ਿਤ ਕਰਨ ਦੀ ਯੋਜਨਾ ਬਣਾ ਰਹੇ ਹਨ।

 

ਰਿਪੋਰਟ ’ਤੇ ਮਾਹਰਾਂ ਦੀ ਰਾਏ

ਇਸ ਰਿਪੋਰਟ ਬਾਰੇ ਖ਼ਾਲਸ ਟੀਵੀ ਵੱਲੋਂ ਜਦੋਂ ਮਨੋਵਿਗਿਆਨ ਮਾਹਰ ਡਾ. ਹਰਸ਼ਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਰਿਪੋਰਟ ’ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਆਏ ਦਿਨ ਕਰਜ਼ਾਈ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ ਜਾਂ ਪਰਵਾਸ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇਖਦਿਆਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਇੱਕ ਖ਼ੁਸ਼ਹਾਲ ਸੂਬਾ ਹੈ? ਉਨ੍ਹਾਂ ਕਿਹਾ ਕਿ ਕੌਮਾਂਤਰੀ ਖ਼ੁਸ਼ਹਾਲੀ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਭਾਰਤ ਦਾ 144ਵਾਂ ਸਥਾਨ ਹੈ ਅਤੇ ਪੰਜਾਬ ਦੀ ਸਥਿਤੀ ਵੀ ਚੰਗੀ ਨਹੀਂ ਦੱਸੀ ਗਈ। ਇਸ ਲਈ ਇਸ ਰਿਪੋਰਟ ’ਤੇ ਫਿਲਹਾਲ ਆਪਣੀ ਰਾਏ ਦੱਸਣਾ ਸਹੀ ਨਹੀਂ। 

 

 ‘ਕੌਮਾਂਤਰੀ ਖ਼ੁਸ਼ਹਾਲੀ ਰਿਪੋਰਟ- 2020’ ’ਚ ਭਾਰਤ ਦਾ ਸਥਾਨ

ਭਾਰਤ ਦੀ ਗੱਲ ਕੀਤੀ ਜਾਏ ਤਾਂ ਖ਼ੁਸ਼ਮਿਜ਼ਾਜੀ ਦੇ ਮਾਮਲੇ ਵਿੱਚ ਭਾਰਤ ਦਾ ਮੁਕਾਮ ਦੁਨੀਆ ਦੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਤੋਂ ਹੀ ਨਹੀਂ, ਬਲਕਿ ਪਾਕਿਸਤਾਨ ਸਮੇਤ ਹੋਰ ਛੋਟੇ-ਛੋਟੇ ਗੁਆਂਢੀ ਦੇਸ਼ਾਂ ਤੇ ਯੁੱਧ ਤੋਂ ਤ੍ਰਾਸਤ ਫਲਸਤੀਨ ਤੋਂ ਵੀ ਪਿੱਛੇ ਹੈ। ਕੁੱਲ 156 ਦੇਸ਼ਾਂ ਵਿੱਚੋਂ ਇਸ ਸਾਲ ਭਾਰਤ 144ਵੇਂ ਸਥਾਨ ’ਤੇ ਹੈ ਅਤੇ ਇਹ ਪਿਛਲੇ ਸਾਲ ਤੋਂ ਵੀ 4 ਸਥਾਨ ਘੱਟ ਹੈ। ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਭਾਰਤ ਦਾ ਸਥਾਨ ਗੁਆਂਢੀ ਦੇਸ਼ ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਤੇ ਚੀਨ ਤੋਂ ਵੀ ਖਰਾਬ ਸਥਿਤੀ ਵਿੱਚ ਹੈ। 

 

ਕੀ ਕਹਿੰਦੀ ਹੈ ਵਰਲਡ ਹੈਪੀਨੈੱਸ ਰਿਪੋਰਟ-2020

ਕੌਮਾਂਤਰੀ ਪੱਧਰ ’ਤੇ ਜੇ ਖ਼ੁਸ਼ਹਾਲੀ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ 2020 ਦੀ ਆਲਮੀ ਖ਼ੁਸ਼ਹਾਲੀ ਰਿਪੋਰਟ ਮੁਤਾਬਕ ਖੁਸ਼ਹਾਲ ਦੇਸ਼ਾਂ ਵਿੱਚ ਫਿਨਲੈਂਡ ਸਿਖਰ ’ਤੇ ਹੈ। ਦੂਜੇ ਤੇ ਤੀਜੇ ਸਥਾਨ ’ਤੇ ਕ੍ਰਮਵਾਰ ਡੈਨਮਾਰਕ ਅਤੇ ਸਵਿਟਜ਼ਰਲੈਂਡ ਦੇ ਨਾਂ ਹਨ। ਰੈਂਕਿੰਗ ਵਿੱਚ ਸਭ ਤੋਂ ਹੇਠਾਂ ਰਹਿਣ ਵਾਲੇ ਦੇਸ਼ ਹਿੰਸਕ ਸੰਘਰਸ਼ ਅਤੇ ਗ਼ਰੀਬੀ ਨਾਲ ਪੀੜਤ ਹਨ। ਜ਼ਿੰਮਬਾਬਵੇ, ਦੱਖਣੀ ਸੁਡਾਨ ਅਤੇ ਅਫ਼ਗ਼ਾਨਿਸਤਾਨ ਨੂੰ ਦੁਨੀਆ ਦੇ ਸਭ ਤੋਂ ਘੱਟ ਖੁਸ਼ਹਾਲ ਦੇਸ਼ਾਂ ਵਿੱਚ ਸਥਾਨ ਦਿੱਤਾ ਗਿਆ ਹੈ।

ਦੱਸ ਦੇਈਏ ਕੌਮਾਂਤਰੀ ਖੁਸ਼ਹਾਲੀ ਰਿਪੋਰਟ ਸੰਯੁਕਤ ਰਾਸ਼ਟਰ ਵੱਲੋਂ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਵਿਸ਼ਵ ਦੇ 156 ਦੇਸ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹ ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ ਨਾਗਰਿਕ ਆਪਣੇ-ਆਪ ਨੂੰ ਕਿੰਨਾ ਖ਼ੁਸ਼ਹਾਲ ਮੰਨਦੇ ਹਨ। ਇਹ ਵਰਲਡ ਹੈਪੀਨੈਸ ਰਿਪੋਰਟ ਦੀ 8ਵੀਂ ਰਿਪੋਰਟ ਹੈ, ਜੋ ਵਿਸ਼ੇਸ਼ਕਰ ‘Environments for Happiness’, ਯਾਨੀ ਖ਼ੁਸ਼ਹਾਲੀ ਲਈ ਵਾਤਾਵਰਨ ਵਿਸ਼ੇ ’ਤੇ ਕੇਂਦਰਿਤ ਸੀ ਜਿਸ ਵਿੱਚ ਖ਼ੁਸ਼ਹਾਲ ਰਹਿਣ ਲਈ ਵਿਸ਼ੇਸ਼ ਤੌਰ ’ਤੇ ਸਮਾਜਿਕ ਵਾਤਾਵਰਨ ’ਤੇ ਜ਼ੋਰ ਦਿੱਤਾ ਗਿਆ ਹੈ।

ਸਾਲ 2020 ਦੀ ਵਰਲਡ ਹੈਪੀਨੈਸ ਰਿਪੋਰਟ 2017-2019 ਦੀ ਮਿਆਦ ਦੌਰਾਨ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਵਿੱਚ 6 ਮਾਣਕਾਂ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ਾਂ ਨੂੰ ਰੈਂਕਿੰਗ ਦਿੱਤੀ ਜਾਂਦੀ ਹੈ। ਇਹ 6 ਮਾਣਕਾਂ ਵਿੱਚ ਪ੍ਰਤੀ ਵਿਅਕਤੀ ਦੀ ਜੀਡੀਪੀ, ਸਮਾਜਿਕ ਸਹਿਯੋਗ, ਸਿਹਤਮੰਦ ਜੀਵਨ, ਸਮਾਜਿਕ ਸੁਤੰਤਰਤਾ, ਉਦਾਰਤਾ ਅਤੇ ਭ੍ਰਿਸ਼ਟਾਚਾਰ ਦੇ ਵਿਚਾਰ ਸ਼ਾਮਲ ਹਨ। 

 

ਕਿਉਂ ਡਿੱਗ ਰਿਹਾ ਭਾਰਤੀਆਂ ਦੀ ਖ਼ੁਸ਼ਮਿਜ਼ਾਜੀ ਦਾ ਪੱਧਰ 

ਭਾਰਤ ਵਿੱਚ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ, ਯਾਨੀ ਜਦੋਂ ਤੋਂ ਨਵੀਆਂ ਆਰਥਿਕ ਨੀਤੀਆਂ ਲਾਗੂ ਹੋ ਰਹੀਆਂ ਹਨ, ਸਰਕਾਰਾਂ ਆਏ ਦਿਨ ਵੱਖ-ਵੱਖ ਅੰਕੜੇ ਪੇਸ਼ ਕਰ ਕੇ ਦੇਸ਼ ਦੀ ਅਰਥ ਵਿਵਸਥਾ ਦੀ ਗੁਲਾਬੀ ਤਸਵੀਰ ਪੇਸ਼ ਕਰ ਰਹੀਆਂ ਹਨ। ਆਰਥਿਕ ਵਿਕਾਸ ਦੇ ਮੁੱਦੇ ’ਤੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਸਰਵੇਖਣ ਵੀ ਅਕਸਰ ਦੱਸਦੇ ਰਹਿੰਦੇ ਹਨ ਕਿ ਭਾਰਤ ਤੇਜ਼ੀ ਨਾਲ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ ਅਤੇ ਦੇਸ਼ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋ ਰਿਹਾ ਹ। ਇਹ ਸਭ ਦੇ ਅਧਾਰ ’ਤੇ ਤਾਂ ਇਹੀ ਕਿਹਾ ਜਾਂਦਾ ਹੈ ਜੋ ਕਿ ਭਾਰਤ ਦੇ ਲੋਕਾਂ ਦੀ ਖੁਸ਼ਹਾਲੀ ਲਗਾਤਾਰ ਵਧ ਰਹੀ ਹੈ ਪਰ ਹਕੀਕਤ ਕੁਝ ਹੋਰ ਹੈ। ਹਾਲ ਹੀ ਵਿੱਚ ਜਾਰੀ ‘ਵਰਲਡ ਹੈਪੀਨੈਸ ਰਿਪੋਰਟ-2020’ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ਦੇ ਲੋਕ ਕਿੰਨੇ ਖ਼ੁਸ਼ ਹਨ। 

 

ਦਿਲਚਸਪ ਗੱਲ ਇਹ ਹੈ ਕਿ ਅੱਠ ਸਾਲ ਪਹਿਲਾਂ ਯਾਨੀ 2013 ਦੀ ਰਿਪੋਰਟ ਵਿੱਚ ਭਾਰਤ 111ਵੇਂ ਨੰਬਰ ‘ਤੇ ਰਿਹਾ। ਤਦ ਤੋਂ ਲੈ ਕੇ ਹੁਣ ਤੱਕ ਯਾਨੀ 2019 ਹੋਣ ਤੱਕ ਸਾਡੇ ਸ਼ੇਅਰ ਬਾਜ਼ਾਰਾਂ ਵਿੱਚ ਲਗਭਗ ਲਗਾਤਾਰ ਹੀ ਵਾਧਾ ਹੋ ਰਿਹਾ ਹੈ। ਫੇਰ ਵੀ ਇਸ ਸਮੇਂ ਭਾਰਤੀਆਂ ਦੀ ਖ਼ੁਸ਼ੀ ਦਾ ਪੱਧਰ ਹੇਠਾਂ ਖਿਸਕਣ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ?

ਦਰਅਸਲ, ਇਹ ਰਿਪੋਰਟ ਦੱਸਦੀ ਹੈ ਕਿ ਆਰਥਿਕ ਤਰੱਕੀ ਹੀ ਕਿਸੇ ਸਮਾਜ ਵਿੱਚ ਖੁਸ਼ਹਾਲੀ ਨਹੀਂ ਲਿਆ ਸਕਦੀ। ਇਸ ਲਈ ਆਰਥਿਕ ਖੁਸ਼ਹਾਲੀ ਦੇ ਪ੍ਰਤੀਕ ਮੰਨੇ ਜਾਣ ਵਾਲੇ ਅਮਰੀਕਾ, ਬ੍ਰਿਟੇਨ ਅਤੇ ਸੰਯੁਕਤ ਅਰਬ ਅਮੀਰਾਤ ਵੀ ਦੁਨੀਆ ਦੇ ਸਭ ਤੋਂ ਖੁਸ਼ਹਾਲ 10 ਦੇਸ਼ਾਂ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਪਾਏ।

ਕਿਸੇ ਵੀ ਦੇਸ਼ ਦੀ ਤਰੱਕੀ ਨੂੰ ਮਾਪਣ ਦਾ ਸਭ ਤੋਂ ਉੱਤਮ ਪੈਮਾਨਾ ਜੀਡੀਪੀ ਜਾਂ ਵਿਕਾਸ ਦਰ ਹੈ। ਪਰ ਇਸ ’ਤੇ ਕਈ ਵਾਰ ਉੱਠਦੇ ਰਹੇ ਹਨ। ਇੱਕ ਤਾਂ ਇਹ ਹੈ ਕਿ ਜੀਡੀਪੀ ਕਿਸੇ ਦੇਸ਼ ਦੀ ਕੁਲ ਅਰਥ ਵਿਵਸਥਾ ਦੀ ਗਤੀ ਹੈ, ਇਸ ਤੋਂ ਇਹ ਪਤਾ ਨਹੀਂ ਚੱਲਦਾ ਕਿ ਆਮ ਲੋਕਾਂ ਤੱਕ ਉਸ ਦਾ ਲਾਭ ਪਹੁੰਚ ਰਿਹਾ ਹੈ ਜਾਂ ਨਹੀਂ। ਦੂਜਾ, ਜੀਡੀਪੀ ਦਾ ਪੈਮਾਨਾ ਸਿਰਫ ਉਤਪਾਦ-ਵਾਧੇ ਦੇ ਲਿਹਾਜ਼ ਨਾਲ ਹੀ ਕਿਸੇ ਦੇਸ਼ ਦੀ ਤਸਵੀਰ ਪੇਸ਼ ਕਰਦਾ ਹੈ।

ਤਾਜਾ ਹੈਪੀਨੈੱਸ ਰਿਪੋਰਟ ਵਿੱਚ ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਮੁਲਕ ਹੈ। ਉਹ ਲਗਾਤਾਰ ਤਿੰਨ ਸਾਲਾਂ ਤੋਂ ਸਿਖ਼ਰ ’ਤੇ ਬਣਿਆ ਹੋਇਆ ਹੈ। ਉਸ ਤੋਂ ਪਹਿਲਾਂ ਉਹ ਪੰਜਵੇਂ ਸਥਾਨ ’ਤੇ ਸੀ ਪਰ ਇੱਕ ਹੀ ਸਾਲ ਵਿੱਚ ਉਹ ਪੰਜਵੇਂ ਤੋਂ ਪਹਿਲੇ ਸਥਾਨ ’ਤੇ ਆ ਗਿਆ। ਫਿਨਲੈਂਡ ਨੂੰ ਦੁਨੀਆ ਦੇ ਸਭ ਤੋਂ ਸਥਿਰ, ਸਭ ਤੋਂ ਸੁਰੱਖਿਅਤ ਤੇ ਸਭ ਤੋਂ ਸੁਸਾਸ਼ਨ ਵਾਲੇ ਦੇਸ਼ ਦਾ ਦਰਜਾ ਦਿੱਤਾ ਗਿਆ ਹੈ। ਉਹ ਘੱਟ ਭ੍ਰਿਸ਼ਟ ਹੈ ਤੇ ਸਮਾਜਿਕ ਤੌਰ ’ਤੇ ਗਤੀਸ਼ੀਲ ਹੈ। ਉਸ ਦੀ ਪੁਲਿਸ ਦੁਨੀਆ ਵਿੱਚ ਸਭ ਤੋਂ ਭਰੋਸੇਮੰਦ ਹੈ। ਉੱਥੇ ਹਰ ਨਾਗਰਿਕ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਹਾਸਲ ਹੈ, ਜੋ ਦੇਸ਼ ਦੇ ਲੋਕਾਂ ਦੀ ਖ਼ੁਸ਼ਹਾਲੀ ਦੀ ਸਭ ਤੋਂ ਵੱਡੀ ਵਜ੍ਹਾ ਹੈ।

Exit mobile version