The Khalas Tv Blog International ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੀ ਰਵਾਨਗੀ ਹੁਣ 10 ਅਪ੍ਰੈਲ ਨੂੰ
International Punjab Religion

ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੀ ਰਵਾਨਗੀ ਹੁਣ 10 ਅਪ੍ਰੈਲ ਨੂੰ

ਬਿਊਰੋ ਰਿਪੋਰਟ (5 ਅਪ੍ਰੈਲ, 2026): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵਿਸਾਖੀ (ਖ਼ਾਲਸਾ ਸਾਜਨਾ ਦਿਵਸ) ਦੇ ਪਵਿੱਤਰ ਦਿਹਾੜੇ ’ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਪ੍ਰੋਗਰਾਮ ਵਿੱਚ ਅਹਿਮ ਬਦਲਾਅ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਇਹ ਜਥਾ 12 ਅਪ੍ਰੈਲ ਨੂੰ ਰਵਾਨਾ ਹੋਣਾ ਸੀ, ਪਰ ਹੁਣ ਇਹ 10 ਅਪ੍ਰੈਲ ਨੂੰ ਰਵਾਨਾ ਹੋਵੇਗਾ ਅਤੇ 19 ਅਪ੍ਰੈਲ ਨੂੰ ਵਾਪਸ ਪਰਤੇਗਾ।

ਕਮੇਟੀ ਵੱਲੋਂ ਇਸ ਯਾਤਰਾ ਲਈ 1860 ਪਾਸਪੋਰਟ ਭੇਜੇ ਗਏ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਲਗਭਗ 1800 ਸ਼ਰਧਾਲੂਆਂ ਨੂੰ ਵੀਜ਼ਾ ਮਿਲ ਜਾਵੇਗਾ। 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸਦੇ ਨਾਲ ਹੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਕੱਲੀਆਂ ਮਹਿਲਾਵਾਂ ਦੀ ਯਾਤਰਾ ’ਤੇ ਪਾਬੰਦੀ ਸਬੰਧੀ ਫ਼ੈਲੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੀ ਕੋਈ ਰੋਕ ਨਹੀਂ ਲਗਾਈ ਗਈ। 

ਹਾਲਾਂਕਿ, ਉਨ੍ਹਾਂ ਸੁਰੱਖਿਆ ਅਤੇ ਸਹੂਲਤ ਦੇ ਮੱਦੇਨਜ਼ਰ ਸਲਾਹ ਦਿੱਤੀ ਕਿ ਜੇ ਬੀਬੀਆਂ ਆਪਣੇ ਪਰਿਵਾਰਕ ਮੈਂਬਰਾਂ (ਭਰਾ, ਪੁੱਤਰ ਜਾਂ ਕਿਸੇ ਹੋਰ ਮਹਿਲਾ ਸਾਥੀ) ਨਾਲ ਯਾਤਰਾ ਕਰਨ ਤਾਂ ਉਨ੍ਹਾਂ ਦਾ ਸਫ਼ਰ ਵਧੇਰੇ ਸੁਰੱਖਿਅਤ ਅਤੇ ਸੁਖਾਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਥੇ ਵਿੱਚ ਇੱਕ-ਦੂਜੇ ਦੀ ਮਦਦ ਨਾਲ ਯਾਤਰਾ ਕਰਨ ਦਾ ਆਪਣਾ ਹੀ ਆਨੰਦ ਹੁੰਦਾ ਹੈ।

Exit mobile version