The Khalas Tv Blog India Delhi ’ਚ ਗੁਰਸਿੱਖ ਸਰਪੰਚ ਨੂੰ ਪੰਜ ਕਕਾਰਾਂ ਕਾਰਨ ਸੁਰੱਖਿਆ ਗਾਰਡਾਂ ਨੇ ਰੋਕਿਆ
India Punjab

Delhi ’ਚ ਗੁਰਸਿੱਖ ਸਰਪੰਚ ਨੂੰ ਪੰਜ ਕਕਾਰਾਂ ਕਾਰਨ ਸੁਰੱਖਿਆ ਗਾਰਡਾਂ ਨੇ ਰੋਕਿਆ

ਨਾਭਾ ਬਲਾਕ ਦੇ ਪਿੰਡ ਕਲਸਾਣਾ ਦੀ ਪੰਚਾਇਤ ਨੂੰ 15 ਅਗਸਤ 2025 ਨੂੰ ਸਵੱਛ ਭਾਰਤ ਅਭਿਆਨ ਅਧੀਨ ਸਫਾਈ ਲਈ ਨਵੀਂ ਦਿੱਲੀ ਵਿੱਚ ਜਲ ਸ਼ਕਤੀ ਮੰਤਰੀ ਵੀ. ਸਮਾਣਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਸਨਮਾਨ ਮਿਲਿਆ। ਪਰ ਉਸੇ ਦਿਨ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਵਾਲੇ ਸਨ, ਸਰਪੰਚ ਨੂੰ ਸੱਦਾ ਪੱਤਰ ਮਿਲਣ ਦੇ ਬਾਵਜੂਦ ਸੁਰੱਖਿਆ ਕਾਰਨਾਂ ਕਰਕੇ ਗੇਟ ‘ਤੇ ਰੋਕ ਲਿਆ ਗਿਆ।

ਗੁਰਧਿਆਨ ਸਿੰਘ, ਜੋ ਗੁਰਸਿੱਖ ਹਨ ਅਤੇ ਸ੍ਰੀ ਸਾਹਿਬ (ਕਕਾਰ) ਪਹਿਨੇ ਹੋਏ ਸਨ, ਨੂੰ ਸੁਰੱਖਿਆ ਮੁਲਾਜ਼ਮਾਂ ਨੇ ਸ੍ਰੀ ਸਾਹਿਬ ਉਤਾਰਨ ਦੀ ਸ਼ਰਤ ‘ਤੇ ਹੀ ਪ੍ਰੋਗਰਾਮ ਵਿੱਚ ਜਾਣ ਦੀ ਇਜਾਜ਼ਤ ਦੇਣ ਦੀ ਗੱਲ ਕਹੀ। ਸਰਪੰਚ ਨੇ ਸ੍ਰੀ ਸਾਹਿਬ ਨਾ ਉਤਾਰਨ ਦਾ ਫੈਸਲਾ ਕੀਤਾ ਅਤੇ ਵਾਪਸ ਪਰਤ ਗਏ।

ਗੁਰਧਿਆਨ ਸਿੰਘ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਨਾਲ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ, ਪਰ ਦਿੱਲੀ ਵਿੱਚ ਉਨ੍ਹਾਂ ਨਾਲ ਹੋਈ ਬੇਇੱਜਤੀ ਅਸਵੀਕਾਰਨਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।

ਪਿੰਡ ਮੱਲੇਵਾਲ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਅਤੇ ਕਲਸਾਣਾ ਦੇ ਸਾਬਕਾ ਸਰਪੰਚ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਰਪੰਚ ਦੇ ਸਵਾਗਤ ਦੀਆਂ ਤਿਆਰੀਆਂ ਸਨ, ਪਰ ਦਿੱਲੀ ਵਿੱਚ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

 

Exit mobile version