ਅੰਮ੍ਰਿਤਸਰ : SGPC ਦੀ ਨਵੀਂ ਚੁਣੀ ਗਈ ਅੰਤ੍ਰਿਗ ਕਮੇਟੀ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਨੇ ਤੇ ਇਹ ਸਵਾਲ ਖੜ੍ਹੇ ਕੀਤੇ ਨੇ ਐਗਜ਼ੈਕਟਿਵ ਕਮੇਟੀ ਦੇ ਹੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ।
ਗੁਰਪ੍ਰੀਤ ਰੰਧਾਵਾ ਸ਼੍ਰੋਮਣੀ ਕਮੇਟੀ ਵਿੱਚ ਬੀਬੀ ਜਗੀਰ ਕੌਰ ਦੇ ਧੜੇ ਦੇ ਮੈਂਬਰ ਹਨ।ਕਮੇਟੀ ਮੈਂਬਰ ਰੰਧਾਵਾ ਨੇ SGPC ਦੀਆਂ ਚੋਣਾਂ ਵੇਲੇ ਮੀਡੀਆ ਕਵਰੇਜ਼ ‘ਤੇ ਲਾਈ ਰੋਕ ਨੂੰ ਮੰਦਭਾਗਾ ਤੇ ਸ਼ਰਮਨਾਕ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਚੋਣਾਂ ਦੇ ਦੌਰਾਨ ਇਹ ਵੀ ਕਿਹਾ ਗਿਆ ਕਿ ਸਪੀਕਰ ਰਾਹੀਂ ਹਰ ਜਾਣਕਾਰੀ ਦਿੱਤੀ ਜਾਵੇਗੀ ,ਉਸ ਨੂੰ ਹੀ ਸੁਣਿਆ ਜਾਵੇ।
ਰੰਧਾਵਾ ਨੇ ਸਵਾਲ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਹਿੰਦਾ ਹੈ ਕਿ ਐਮਰਜੈਂਸੀ ਦੇ ਵਕਤ ਮੀਡੀਆ ਦੀ ਆਜ਼ਾਦੀ ਲਈ ਲੜਾਈ ਲੜੀ ਗਈ ਪਰ ਹੁਣ ਜੱਦ ਧਰਮ ਦੀ ਚੋਣ ਹੋ ਰਹੀ ਸੀ ਤਾਂ ਡਰ ਕਿਸ ਗੱਲ ਦਾ ਸੀ?
ਉਹਨਾਂ ਮੀਡੀਆ ਪ੍ਰਤੀ ਕਮੇਟੀ ਦੇ ਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਮੀਡੀਆ ਇੱਕ ਆਜ਼ਾਦ ਅਦਾਰਾ ਹੈ ਤੇ ਅੱਜ ਸ਼੍ਰੋਮਣੀ ਕਮੇਟੀ ਨੇ ਮੀਡੀਆ ਵਲੋਂ ਪਿੱਠ ਘੁੰਮਾਈ ਹੈ ਪਰ ਕੱਲ ਨੂੰ ਮੀਡੀਆ ਦੀ ਲੋੜ ਪੈਣ ‘ਤੇ ਫਿਰ ਕਮੇਟੀ ਕੀ ਕਰੇਗੀ ?
9 ਨਵੰਬਰ ਨੂੰ ਪ੍ਰਧਾਨ ਸਮੇਤ ਨਵੀਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਐ ਤੇ ਅੱਜ ਹੀ ਮੈਂਬਰਾਂ ਵੱਲੋਂ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।ਚੋਣਾਂ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 104 ਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ ਸਨ।ਅੰਤ੍ਰਿਗ ਕਮੇਟੀ ਵਿੱਚ ਬੀਬੀ ਦੇ ਧੜੇ ਵਾਲੇ 3 ਮੈਂਬਰ ਸ਼ਾਮਲ ਕੀਤੇ ਗਏ ਨੇ ਤੇ ਗੁਰਪ੍ਰੀਤ ਸਿੰਘ ਰੰਧਾਵਾ ਉਹਨਾਂ ਵਿੱਚੋਂ ਇੱਕ ਸਨ।