‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਜਾਤੀਵਾਦ, ਧਰਮ ਦੇ ਨਾਂ ‘ਤੇ ਆਪਸ ਵਿੱਚ ਵੰਡ ਰਹੇ ਹਾਂ। ਹਰਿਆਣਾ ਦੀਆਂ ਕਈ ਜਗ੍ਹਾਵਾਂ ਤੋਂ ਜਾਤੀਆਂ, ਧਰਮ ਦੇ ਨਾਂ ‘ਤੇ ਹਮਲੇ ਹੋ ਰਹੇ ਹਨ ਅਤੇ ਇੱਕ ਦੂਜੇ ਦੇ ਖਿਲਾਫ ਇਸ ਸਬੰਧੀ ਮੁਹਿੰਮ ਚਲਾਈਆਂ ਜਾ ਰਹੀਆਂ ਹਨ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੇ ਅਸੀਂ ਜਾਤੀਵਾਦ ਵਿੱਚ ਫਸ ਗਏ ਤਾਂ ਬੀਜੇਪੀ ਇਸਦਾ ਸਿੱਧਾ-ਸਿੱਧਾ ਫਾਇਦਾ ਉਠਾਵੇਗੀ। ਬੀਜੇਪੀ ਤਾਂ ਇਹੀ ਕਰਵਾਉਣਾ ਚਾਹੁੰਦੀ ਹੈ ਪਰ ਸਾਨੂੰ ਤਾਂ ਇਹ ਸਮਝਣਾ ਚਾਹੀਦਾ ਹੈ। ਚੜੂਨੀ ਨੇ ਖਾਪ ਦੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਹੈ ਜਿਹੜੇ-ਜਿਹੜੇ ਪਿੰਡਾਂ ਵਿੱਚ ਇਹ ਮਸਲੇ ਚੱਲ ਰਹੇ ਹਨ, ਉੱਥੇ ਖਾਪ ਪ੍ਰਤੀਨਿਧੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਇਸ ਭਾਈਚਾਰੇ ਨੂੰ ਦੁਬਾਰਾ ਤੋਂ ਕਾਇਮ ਕਰੇ।
ਚੜੂਨੀ ਨੇ ਦੂਜੀ ਬੇਨਤੀ ਕਰਦਿਆਂ ਕਿਹਾ ਕਿ ਜਿੱਥੇ ਕੋਈ ਦਲਿਤ ਸਮਾਜ ਦਾ ਭਾਈ ਗਲਤੀ ਕਰਦਾ ਹੈ, ਤਾਂ ਉੱਥੇ ਦਲਿਤ ਸਮਾਜ ਦੇ ਲੀਡਰ ਹੀ ਆਪਣੇ ਭਾਈ (ਬੰਦੇ) ਨੂੰ ਸਮਝਾਏ,ਭਾਵ ਜਿਸ ਸਮਾਜ ਦਾ ਵਿਅਕਤੀ ਗਲਤੀ ਕਰਦਾ ਹੈ, ਉਸੇ ਸਮਾਜ ਦਾ ਲੀਡਰ ਹੀ ਉਸਨੂੰ ਜਾ ਕੇ ਸੁਲਝਾਏ। ਇਸ ਨਾਲ ਹੀ ਸਾਡਾ ਆਪਸੀ ਭਾਈਚਾਰਾ ਬਣਿਆ ਰਹੇਗਾ।
ਚੜੂਨੀ ਨੇ ਖਾਪ ਦੇ ਪ੍ਰਤੀਨਿਧਾਂ ਨੂੰ ਇੱਕ ਹੋਰ ਬੇਨਤੀ ਕਰਦਿਆਂ ਕਿਹਾ ਕਿ ਭਾਈਚਾਰੇ ਨੂੰ ਬਚਾਉਣ ਲਈ ਇੱਕ ਵਧੀਆ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਉਹ ਦੂਸਰੀਆਂ ਬਿਰਾਦਰੀਆਂ ਦੇ ਇੱਕ-ਇੱਕ ਬੰਦੇ ਨੂੰ ਖਾਪ ਪੰਚਾਇਤ ਦੀ ਕਮੇਟੀ ਵਿੱਚ ਸ਼ਾਮਿਲ ਕਰ ਲੈਣ ਤਾਂ ਜੋ ਇਸ ਤਰ੍ਹਾਂ ਦੇ ਮਸਲੇ ਖੜ੍ਹੇ ਨਾ ਹੋਣ।