The Khalas Tv Blog Lok Sabha Election 2024 ਮੀਤ ਹੇਅਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ! ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ ਸਵੀਕਾਰ, ਜਲਦ ਹੋਣਗੀਆਂ ਚੋਣਾਂ
Lok Sabha Election 2024 Punjab

ਮੀਤ ਹੇਅਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ! ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ ਸਵੀਕਾਰ, ਜਲਦ ਹੋਣਗੀਆਂ ਚੋਣਾਂ

ਬਿਉਰੋ ਰਿਪੋਰਟ: ਬਰਨਾਲਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜਿਆ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ।

ਮੀਤ ਹੇਅਰ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਪੰਜਾਬ ਤੋਂ ‘ਆਪ’ ਦੇ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ। ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਚੋਣ ਲੜੀ ਸੀ ਅਤੇ ਸਾਬਕਾ ਆਜ਼ਾਦ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਹਰਾ ਕੇ ਜਿੱਤੇ ਸਨ।

ਇਹ ਸੀਟ ਖ਼ਾਲੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਇਸ ਸੀਟ ’ਤੇ ਉਪ ਚੋਣ ਕਰਵਾਈ ਜਾਵੇਗੀ। ਸਿਰਫ਼ ਸੰਗਰੂਰ ਹੀ ਨਹੀਂ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੁਸ਼ਿਆਰਪੁਰ ਤੋਂ ਡਾ: ਰਾਜ ਕੁਮਾਰ ਚੱਬੇਵਾਲ ਦੇ ਸੰਸਦ ਪਹੁੰਚਣ ਮਗਰੋਂ ਇੱਥੇ ਵੀ ਉਪ ਚੋਣ ਹੋਣੀ ਹੈ। ਜਦੋਂਕਿ ਜਲੰਧਰ ਵਿੱਚ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਅਗਲੇ ਮਹੀਨੇ 11 ਜੁਲਾਈ ਨੂੰ ਚੋਣਾਂ ਹੋ ਰਹੀਆਂ ਹਨ।

ਦੱਸ ਦੇਈਏ ਗੁਰਮੀਤ ਸਿੰਘ ਦਾ ਜਨਮ 1989 ਵਿੱਚ ਹੋਇਆ ਸੀ। ਉਨ੍ਹਾਂ ਦੀ ਉਮਰ ਸਿਰਫ਼ 35 ਸਾਲ ਹੈ। ਉਹ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਪਹਿਲੀ ਵਾਰ 2017 ਵਿੱਚ ਚੋਣ ਲੜੀ ਸੀ। ਉਸ ਸਮੇਂ ਉਹ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ ਸਨ। ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਬਰਨਾਲਾ ਖੇਤਰ ਤੋਂ 50 ਫੀਸਦੀ ਵੋਟਾਂ ਹਾਸਲ ਕਰਕੇ ਜਿੱਤੀਆਂ ਸਨ।

ਇਹ ਵੀ ਪੜ੍ਹੋ – ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਸਾਥੀ ਪੁਲਿਸ ਨੇ ਕੀਤੇ ਕਾਬੂ
Exit mobile version