The Khalas Tv Blog Punjab ਸ਼ਰਧਾਂਜਲੀ-ਪੰਜਾਬੀ ਸੰਗੀਤ ਜਗਤ ਵਿੱਚ ਅਮਰ ਰਹੇਗੀ ਸ਼ਹਿਦ ਨਾਲੋਂ ਮਿੱਠੀ ਆਵਾਜ਼ ਦੀ ਮਾਲਕਣ ਗੁਰਮੀਤ ਬਾਵਾ
Punjab

ਸ਼ਰਧਾਂਜਲੀ-ਪੰਜਾਬੀ ਸੰਗੀਤ ਜਗਤ ਵਿੱਚ ਅਮਰ ਰਹੇਗੀ ਸ਼ਹਿਦ ਨਾਲੋਂ ਮਿੱਠੀ ਆਵਾਜ਼ ਦੀ ਮਾਲਕਣ ਗੁਰਮੀਤ ਬਾਵਾ

‘ਦ ਖ਼ਾਲਸ ਟੀਵੀ ਬਿਊਰੋ:(ਜਗਜੀਵਨ ਮੀਤ):- ਸੰਗੀਤ ਜਗਤ ਲਈ ਬਹੁਤ ਦੁਖਦਾਈ ਖਬਰ ਹੈ ਕਿ ਪੰਜਾਬੀ ਦੇ ਲੋਕ ਸੰਗੀਤ ਤੇ ਗਾਇਕੀ ਦੀ ਰੂਹ ਗੁਰਮੀਤ ਬਾਵਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਅੱਜ ਅੰਮ੍ਰਿਤਸਾਰ ਵਿਚ ਅੰਤਿਮ ਸਾਹ ਲਿਆ ਹੈ। 77 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਦੀ ਆਵਾਜ ਬਰਕਰਾਰ ਸੀ। ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਵੀ ਗੁਰਮੀਤ ਬਾਵਾ ਦੇ ਹੀ ਨਾਂ ਸੀ ਤੇ ਉਨ੍ਹਾਂ ਦੇ ਨਾਂ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਵਾਰਡ ਵੀ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਨ੍ਹਾਂ ਦੀ ਧੀ ਲਾਚੀ ਬਾਵਾ ਵੀ ਅਕਾਲ ਚਲਾਣਾ ਕਰ ਗਏ ਸਨ। ਗੁਰਮੀਤ ਬਾਵਾ ਦਾ ਕੱਲ੍ਹ ਅੰਤਿਮ ਸਸਕਾਰ ਕੀਤਾ ਜਾਵੇਗਾ।

ਗੁਰਮੀਤ ਬਾਵਾ ਦੀਆਂ ਦੋਵੇਂ ਬੇਟੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਦੋਵੇਂ ਇਕ ਗਰੁੱਪ ਦੇ ਤੌਰ ’ਤੇ ਵਿਚਰਦੀਆਂ ਰਹੀਆਂ ਸਨ ਅਤੇ ਰਲ ਕੇ ਗਾਉਂਦਿਆਂ ਉਨ੍ਹਾਂ ਨੇ ਵੀ ਪੰਜਾਬੀ ਸੰਗੀਤ ਜਗਤ ਵਿਚ ਆਪਣੀ ਥਾਂ ਬਣਾਈ ਸੀ। ਅੰਮ੍ਰਿਤਸਰ ਵਿਚ ਜੰਮੀ ਲਾਚੀ ਬਾਵਾ ਸੰਗੀਤ ਵਿਚ ਐਮਫਿਲ ਸੀ ਅਤੇ ਆਪਣੀ ਭੈਣ ਗਲੋਰੀ ਬਾਵਾ ਨਾਲ ਮਿਲ ਕੇ ‘ਗੁਰਮੀਤ ਬਾਵਾ ਸੰਗੀਤ ਅਕਾਦਮੀ’ਚਲਾਉਣ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਸੰਗੀਤਕ ਸ਼ੋਅ ਲਈ ਜਾਣੇ ਜਾਂਦੇ ਸਨ।

ਗੁਰਮੀਤ ਬਾਬਾ ਦਾ ਜਨਮ ਉੱਤਮ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਪੱਕਾ ਪਿੰਡ ਕੋਠਾ (ਅਲੀਵਾਲ) ਵਿੱਚ ਹੋਇਆ ਸੀ। ਇਹ ਪਿੰਡ ਹੁਣ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ। ਉਨ੍ਹਾਂ ਦਾ ਵਿਆਹ 1968 ਵਿੱਚ ਕਿਰਪਾਲ ਬਾਵਾ ਨਾਲ ਹੋਇਆ। ਉਨ੍ਹਾਂ ਸਿਰਫ ਪੰਜਾਬੀ ਲੋਕ ਗਾਇਕੀ ਨੂੰ ਹੀ ਆਪਣੀ ਸੰਗੀਤਕ ਯਾਤਰਾ ਬਣਾ ਕੇ ਰੱਖਿਆ ਹੈ। ਉਨ੍ਹਾਂ ਦੇ ਗੀਤਾਂ ਵਿੱਚ ਪੰਜਾਬੀ ਬੋਲੀ ਪਹਿਲ ਦੇ ਅਧਾਰ ‘ਤੇ ਰਹੀ ਹੈ। ਉਨ੍ਹਾਂ ਕਦੇ ਵੀ ਆਪਣੇ ਪੰਜਾਬੀ ਸੱਭਿਆਚਾਰ ਤੋਂ ਵੱਖਰੇ ਹੋ ਕੇ ਚੱਲਣ ਦੀ ਕੋਸ਼ਿਸ਼ ਨਹੀਂ ਕੀਤੀ।

ਗੁਰਮੀਤ ਬਾਵਾ ਦੀ ਸ਼ੈਲੀ ‘ਚ ਸੁਹਾਗ,ਘੋੜੀਆਂ, ਸਿੱਠਣੀਆਂ ਵਰਗੇ ਮਿੱਠੇ ਲੋਕ ਰੰਗ ਸ਼ਾਮਿਲ ਹਨ। ਧੀਆਂ ਦਾ ਪਿਓ ਲਈ ਪਿਆਰ, ਪੰਜਾਬੀ ਸੱਭਿਆਚਾਰ ਤੇ ਮਾਵਾਂ ਦੇ ਵਿਯੋਗ ਨਾਲ ਰੰਗੇ ਗੁਰਮੀਤ ਬਾਵਾ ਦੇ ਗੀਤ ਅੱਜ ਵੀ ਸੁਣੋ ਤਾਂ ਅੱਖਾਂ ਗਿਲੀਆਂ ਹੋ ਜਾਂਦੀਆਂ ਹਨ। ਸ਼ਹਿਦ ਨਾਲੋਂ ਮਿੱਠੀ ਆਵਾਜ ਦੀ ਇਸ ਮਾਲਕ ਪੰਜਾਬੀ ਲੋਕ ਗਾਇਕੀ ਦੀ ਸਿਰਮੌਰ ਨੂੰ ਅਸੀਂ ਦ ਖਾਲਸ ਟੀਵੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।

Exit mobile version