‘ਦ ਖ਼ਾਲਸ ਬਿਊਰੋ :- ਜਲੰਧਰ ਸੈਸ਼ਨ ਕੋਰਟ ਨੇ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਉਸਦੀ ਜ਼ਮਾਨਤ ਦੀ ਅਰਜ਼ੀ ਉੱਤੇ ਲੰਘੇ ਕੱਲ੍ਹ ਬਹਿਸ ਹੋਣ ਤੋਂ ਬਾਅਦ ਅਦਾਲਤ ਨੇ ਅੱਜ ਲਈ ਫੈਸਲਾ ਰਾਖਵਾਂ ਕਰ ਲਿਆ ਸੀ। ਗੁਰਦਾਸ ਮਾਨ ਦੀ ਜ਼ਮਾਨਤ ਰੱਦ ਕਰਨ ਲਈ ਸਿੱਖ ਜਥੇਬੰਦੀਆਂ ਦੇ ਵਕੀਲਾਂ ਦਰਸ਼ਨ ਸਿੰਘ ਦਿਆਲ, ਪਰਮਿੰਦਰ ਸਿੰਘ ਢੀਂਗਰਾ ਅਤੇ ਸੰਜੀਵ ਬੰਸਲ ਨੇ ਉਸਦੇ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀਆਂ ਠੋਸ ਦਲੀਲਾਂ ਦਿੱਤੀਆਂ। ਇਹ ਪਹਿਲੀ ਵਾਰ ਨਹੀਂ ਜਦੋਂ ਗੁਰਦਾਸ ਮਾਨ ਵਿਵਾਦਾਂ ਵਿੱਚ ਘਿਰਿਆ ਹੈ। ਇਸ ਤੋਂ ਪਹਿਲਾਂ ਵੀ ਹਿੰਦੀ ਨਾਲ ਮੋਹ ਜਤਾਉਣ ਦੇ ਮਾਮਲੇ ਨੂੰ ਲੈ ਕੇ ਉਸਨੂੰ ਛਿੱਤਰ ਖਾਣੇ ਪਏ ਸਨ।
ਦਰਅਸਲ, ਗੁਰਦਾਸ ਮਾਨ ਨੇ ਬਾਬਾ ਮੁਰਾਦ ਸ਼ਾਹ ਦੇ ਡੇਰੇ ‘ਤੇ ਆਪਣੇ ਇੱਕ ਸ਼ੋਅ ਦੌਰਾਨ ਲਾਡੀ ਸ਼ਾਹ ਨੂੰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਵੰਸ਼ ਵਿੱਚੋਂ ਦੱਸਿਆ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ। ਸਿੱਖ ਜਥੇਬੰਦੀਆਂ ਗੁਰਦਾਸ ਮਾਨ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ।