ਬਿਉਰੋ ਰਿਪੋਰਟ: ਕਸ਼ਮੀਰ ਘਾਟੀ ਦੇ ਗੰਦਰਬਲ ਜ਼ਿਲ੍ਹੇ ਵਿੱਚ ਕੱਲ੍ਹ ਸ਼ਾਮ ਹੋਏ ਅੱਤਵਾਦੀ ਹਮਲੇ ਵਿੱਚ ਗੁਰਦਾਸਪੁਰ ਦੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਸੀ, ਜਿਸ ਦੀ ਮੌਤ ਹੋ ਗਈ ਹੈ। ਉਸ ਦੇ ਪਿਤਾ ਧਰਮ ਸਿੰਘ ਵੀ ਫੌਜ ਦੇ ਜਵਾਨ ਰਹਿ ਚੁੱਕੇ ਹਨ। ਮ੍ਰਿਤਕ ਗੁਰਮੀਤ ਸਿੰਘ (38) ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਇੱਕ ਬੇਟੀ ਅਤੇ ਇੱਕ ਪੁੱਤਰ ਛੱਡ ਗਿਆ ਹੈ।
ਜਾਣਕਾਰੀ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਫੌਜ ਦੇ ਸਾਮਾਨ ਦੀ ਢੋਆ-ਢੁਆਈ ਦਾ ਕੰਮ ਕਰ ਰਿਹਾ ਗੁਰਮੀਤ ਸਿੰਘ, ਇੱਕ ਡਾਕਟਰ ਅਤੇ 6 ਮਜ਼ਦੂਰਾਂ ਸਮੇਤ ਅੱਤਵਾਦੀ ਹਮਲੇ ਵਿੱਚ ਮਾਰਿਆ ਗਿਆ। ਮ੍ਰਿਤਕ ਗੁਰਮੀਤ ਸਿੰਘ ਦਾ ਅੱਜ ਉਸ ਦੇ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਮ੍ਰਿਤਕ ਦੇ ਪਿਤਾ ਧਰਮ ਸਿੰਘ ਅਤੇ ਰਿਸ਼ਤੇਦਾਰ ਦਮਨਜੀਤ ਨੇ ਦੱਸਿਆ ਕਿ ਗੁਰਮੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਜੰਮੂ-ਕਸ਼ਮੀਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਸੁਰੰਗਾਂ ਬਣਾਉਣ ਦਾ ਕੰਮ ਕਰਦਾ ਸੀ।
ਬੀਤੀ ਸ਼ਾਮ ਜਦੋਂ ਉਹ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਵਾਪਸ ਆ ਰਿਹਾ ਸੀ ਤਾਂ ਅੱਤਵਾਦੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਕੁਝ ਸਮੇਂ ਬਾਅਦ ਹੀ ਇਸ ਦੀ ਜਾਣਕਾਰੀ ਮਿਲੀ। ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿੱਤਾ ਜਾਵੇ।