The Khalas Tv Blog India ਕਾਬੁਲ ’ਚ ਹਥਿਆਰਬੰਦ ਵਿਅਕਤੀਆਂ ਨੇ ਕੀਤੀ ਗੁਰਦੁਆਰਾ ਕਰਤੇ ਪ੍ਰਵਾਨ ਵਿੱਚ ਭੰਨ-ਤੋੜ
India International Punjab

ਕਾਬੁਲ ’ਚ ਹਥਿਆਰਬੰਦ ਵਿਅਕਤੀਆਂ ਨੇ ਕੀਤੀ ਗੁਰਦੁਆਰਾ ਕਰਤੇ ਪ੍ਰਵਾਨ ਵਿੱਚ ਭੰਨ-ਤੋੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਵਿੱਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਭੰਨ-ਤੋੜ ਕੀਤੀ ਹੈ। ਇਹ ਹਥਿਆਰਬੰਦ ਵਿਅਕਤੀ ਗੁਰਦੁਆਰੇ ਵਿਚ ਤਲਾਸ਼ੀ ਲੈਣ ਦੇ ਬਹਾਨੇ ਦਾਖਿਲ ਹੋਏ ਸਨ। ਜਾਣਕਾਰੀ ਦਿੰਦਿਆਂ ਇੰਡੀਆ ਵਰਲਡ ਫ਼ੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਇਨ੍ਹਾਂ ਹਥਿਆਰਬੰਦ ਵਿਅਕਤੀਆਂ ਨੇ ਗੁਰਦੁਆਰੇ ਦੇ ਸੁਰੱਖਿਆ ਕਰਮਚਾਰੀਆਂ ਦੇ ਹੱਥ ਬੰਨ੍ਹ ਦਿੱਤੇ ਅਤੇ ਸੀਸੀਟੀਵੀ ਕੈਮਰਿਆਂ ਦੀ ਭੰਨ-ਤੋੜ ਕੀਤੀ।

ਇਸ ਮਸਲੇ ਉੱਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਤਾਲਿਬਾਨ ਸਰਕਾਰ ਦੇ ਅਧਿਕਾਰੀਆਂ ਕੋਲ ਰੋਸ ਦਰਜ ਕਰਾਇਆ ਹੈ। ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਲਗਪਗ ਦਰਜਨ ਭਰ ਅਣਪਛਾਤੇ ਹਥਿਆਰਬੰਦ ਵਿਅਕਤੀ ਕਾਬੁਲ ਦੇ ਗੁਰਦੁਆਰੇ ਵਿੱਚ ਜਬਰੀ ਦਾਖ਼ਲ ਹੋਏ ਤੇ ਉਨ੍ਹਾਂ ਨੇ ਸਿੱਖ ਸੰਗਤ ਨੂੰ ਡਰਾਇਆ ਧਮਕਾਇਆ।

ਦਿੱਲੀ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭੰਨ-ਤੋੜ ਤੋਂ ਬਾਅਦ ਇਹ ਵਿਅਕਤੀ ਉੱਥੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਉੱਥੇ ਰਹਿ ਰਹੇ ਹਿੰਦੂ-ਸਿੱਖ ਪਰਿਵਾਰਾਂ ਵਿਚ ਡਰ ਅਤੇ ਸਹਿਮ ਹੈ। ਉਨ੍ਹਾਂ ਤਾਲਿਬਾਨ ਸਰਕਾਰ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ।

Exit mobile version