ਬਿਊਰੋ ਰਿਪੋਰਟ: GST ਕੌਂਸਲ ਦੇ ਮੰਤਰੀਆਂ ਦੇ ਗਰੁੱਪ (GoM) ਨੇ 12% ਅਤੇ 28% ਵਾਲੇ GST ਸਲੈਬ ਨੂੰ ਖ਼ਤਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਿਰਫ਼ ਦੋ ਹੀ ਸਲੈਬ ਹੋਣਗੇ – 5% ਅਤੇ 18% ਜਦਕਿ ਲਗਜ਼ਰੀ ਆਈਟਮਾਂ ’ਤੇ 40% ਟੈਕਸ ਲੱਗੇਗਾ। ਇਹ ਜਾਣਕਾਰੀ GoM ਦੇ ਕਨਵੀਨਰ ਸਮਰਾਟ ਚੌਧਰੀ ਨੇ ਦਿੱਤੀ। ਦੱਸ ਦੇਈਏ ਫਿਲਹਾਲ, GST ਦੇ ਚਾਰ ਸਲੈਬ ਹਨ – 5%, 12%, 18% ਅਤੇ 28%। ਪਰ ਹੁਣ 12% ਅਤੇ 28% ਵਾਲੇ ਸਲੈਬ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
GoM ਦੀ ਮੀਟਿੰਗ ਤੋਂ ਬਾਅਦ ਸਮਰਾਟ ਚੌਧਰੀ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਉਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ ਜਿਸ ਵਿੱਚ 12% ਅਤੇ 28% ਵਾਲੇ GST ਸਲੈਬ ਨੂੰ ਖ਼ਤਮ ਕਰਨ ਦੀ ਗੱਲ ਹੈ। ਕੁਝ ਸੂਬਿਆਂ ਨੇ ਇਸ ’ਤੇ ਆਪਣਾ ਵਿਰੋਧ ਵੀ ਜਤਾਇਆ ਹੈ। ਹੁਣ ਇਹ ਮਾਮਲਾ GST ਕੌਂਸਲ ਕੋਲ ਭੇਜਿਆ ਗਿਆ ਹੈ ਜੋ ਅੰਤਿਮ ਫੈਸਲਾ ਲਵੇਗੀ।
ਦੱਸ ਦੇਈਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ ਭਾਸ਼ਣ ਦੌਰਾਨ ਕਿਹਾ ਸੀ ਕਿ ਇਸ ਸਾਲ ਦੀ ਦਿਵਾਲੀ ’ਤੇ ਲੋਕਾਂ ਨੂੰ ਵੱਡਾ ਤੋਹਫ਼ਾ ਮਿਲੇਗਾ। ਅਸੀਂ ਅਗਲੀ ਪੀੜ੍ਹੀ ਦੇ GST ਸੁਧਾਰ ਲਿਆ ਰਹੇ ਹਾਂ। ਆਮ ਲੋਕਾਂ ਲਈ ਟੈਕਸ ਘੱਟ ਕਰ ਦਿੱਤਾ ਜਾਵੇਗਾ, ਰੋਜ਼ਮਰਾ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਅਤੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ।