The Khalas Tv Blog Punjab ਪੰਜਾਬੀਆਂ ਲਈ ਪਾਣੀ ਨੂੰ ਲੈ ਕੇ ਆਈ ਰਾਹਤ ਭਰੀ ਖਬਰ!
Punjab

ਪੰਜਾਬੀਆਂ ਲਈ ਪਾਣੀ ਨੂੰ ਲੈ ਕੇ ਆਈ ਰਾਹਤ ਭਰੀ ਖਬਰ!

ਬਿਉਰੋ ਰਿਪੋਰਟ – ਪੰਜਾਬ ਲਈ ਰਾਹਤ ਭਰੀ ਖਬਰ ਹੈ ਕਿ ਧਰਤੀ ਹੇਠਲੇ ਪਾਣੀ ਵਿਚ ਸੁਧਾਰ ਹੋਣਾ ਸ਼ੁਰੂ ਹੋ ਚੁੱਕਾ ਹੈ। ਦੱਸ ਦੇਈਏ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਸੁਧਾਰ ਕਾਰਨ ਪਾਣੀ ਦਾ ਪੱਧਰ ਡਿੱਗਣਾ ਰੁਕ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੰਜਾਬ ਦੇ 63 ਬਲਾਕਾਂ ਵਿਚ ਪਾਣੀ ਦੇ ਪੱਧਰ ਵਿਚ ਸੁਧਾਰ ਹੋਇਆ ਹੈ। ਮਾਹਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਰ ਸੁਧਾਰ ਦੇਖਣ ਨੂੰ ਮਿਲਣਗੇ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ਗੁਰੂ ਸਹਾਏ ਅਤੇ ਮੱਖੂ ਬਲਾਕ ਨੂੰ ਸੇਫ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਦੀ ‘ਆਪ’ ਸਰਕਾਰ ਨੇ ਨਹਿਰੀ ਪਾਣੀ ਨਾਲ ਸਿੰਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਪਾਣੀ ਨੂੰ ਰੀਚਾਰਜ ਕਰਨ ਦਾ ਵੀ ਮੌਕਾ ਮਿਲਿਆ ਹੈ। ਇਹ ਸਥਿਤੀ ਕਰੀਬ 24 ਸਾਲਾਂ ਬਾਅਦ ਪੈਦਾ ਹੋਈ ਹੈ। ਕਿਉਂਕਿ 2001 ਅਤੇ 2002 ਤੋਂ ਨਰਮਾ ਪੱਟੀ ਦੇ ਦਰਜਨਾਂ ਬਲਾਕਾਂ ਵਿੱਚ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਸੀ। ਜਿਸ ਕਾਰਨ ਸਰਕਾਰ ਵੀ ਕਾਫੀ ਚਿੰਤਤ ਸੀ। ਗੁਰੂ ਸਹਾਏ ਅਤੇ ਮੱਖੂ ਬਲਾਕ ਸੁਰੱਖਿਅਤ ਖੇਤਰ ਵਿੱਚ ਆ ਗਏ ਹਨ। ਦੋਵੇਂ ਸੈਮੀ-ਕ੍ਰਿਟੀਕਲ ਜ਼ੋਨ ਵਿਚ ਸਨ। ਫ਼ਿਰੋਜ਼ਪੁਰ ਅਤੇ ਸ੍ਰੀ ਹਰਗੋਬਿੰਦਪੁਰ ਬਲਾਕ ਨਿਰਧਾਰਿਤ ਸੀਮਾ ਤੋਂ ਵੱਧ ਪਾਣੀ ਕੱਢਣ ਦੇ ਜ਼ੋਨ ਵਿੱਚੋਂ ਨਿਕਲ ਕੇ ਨਾਜ਼ੁਕ ਜ਼ੋਨ ਵਿੱਚ ਆ ਗਏ ਹਨ।

ਜਦੋਂ ਕਿ ਬਲਾਚੌਰ ਨਾਜ਼ੁਕ ਜ਼ੋਨ ਤੋਂ ਸੈਮੀ-ਕ੍ਰਿਟੀਕਲ ਜ਼ੋਨ ਵਿੱਚ ਤਬਦੀਲ ਹੋ ਗਿਆ ਹੈ। ਇਸ ਤਰ੍ਹਾਂ 63 ਬਲਾਕ ਅਜਿਹੇ ਹਨ ਜਿੱਥੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਇਆ ਹੈ। ਮਾਹਿਰਾਂ ਅਨੁਸਾਰ ਅਜੋਕੇ ਸਮੇਂ ਵਿੱਚ ਪਾਣੀ ਦੇ ਪੱਧਰ ਵਿੱਚ ਸੁਧਾਰ ਦੇ ਪਿੱਛੇ ਕਈ ਕਾਰਨ ਹਨ। ਪਿਛਲੇ ਸਾਲ 18.84 ਬਿਲੀਅਨ ਘਣ ਮੀਟਰ ਪਾਣੀ ਸਾਲਾਨਾ ਰੀਚਾਰਜ ਹੁੰਦਾ ਸੀ ਜੋ ਇਸ ਵਾਰ ਵੱਧ ਕੇ 19.19 ਬਿਲੀਅਨ ਘਣ ਮੀਟਰ ਹੋ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਪਿਛਲੇ ਕਈ ਸਾਲਾਂ ਤੋਂ ਅਜਿਹੀਆਂ ਖਬਰਾਂ ਦਾ ਸਾਹਮਣਾ ਕਰ ਰਿਹਾ ਸੀ ਜਿਸ ਨਾਲ ਲੋਕ ਸਹਿਮ ਜਾਂਦੇ ਸਨ ਪਰ ਹੁਣ ਪਾਣੀ ਨੂੰ ਲੈ ਕੇ ਜੋ ਰਾਹਤ ਭਰੀ ਖਬਰ ਆਈ ਹੈ, ਉਸ ਨਾਲ ਪੰਜਾਬੀਆਂ ਨੂੰ ਸੁਰੱਖਿਅਤ ਭਵਿੱਖ ਦੀ ਆਸ ਬੱਝ ਗਈ ਹੈ।

ਇਹ ਵੀ ਪੜ੍ਹੋ –  ਪੰਜਾਬ ਦੀ ਵੰਡ ਤੇ ਅਕਾਲੀ ਦਲ ਅਤੇ ਐਸਜੀਪੀਸੀ ਦੇ ਕੇਂਦਰ ਤੇ ਗੰਭੀਰ ਇਲਜ਼ਾਮ!

 

Exit mobile version