The Khalas Tv Blog Punjab ਕਿਸ ਬੀਜੇਪੀ ਦੀ ਜ਼ਹਿਰੀਲੀ ਭਾਸ਼ਾ ਨੇ ਵਿਗਾੜੀ ਗੱਲ, ਬੀਜੇਪੀ ਲੀਡਰ ਨੇ ਆਪਣੇ ਹੀ ਲੀਡਰ ਨੂੰ ਦਿੱਤੀ ਚਿਤਾਵਨੀ
Punjab

ਕਿਸ ਬੀਜੇਪੀ ਦੀ ਜ਼ਹਿਰੀਲੀ ਭਾਸ਼ਾ ਨੇ ਵਿਗਾੜੀ ਗੱਲ, ਬੀਜੇਪੀ ਲੀਡਰ ਨੇ ਆਪਣੇ ਹੀ ਲੀਡਰ ਨੂੰ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਬੀਜੇਪੀ ਲੀਡਰ ਅਨਿਲ ਜੋਸ਼ੀ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਗਰੇਵਾਲ ਦੀ ਜ਼ਹਿਰੀਲੀ ਭਾਸ਼ਾ ਨੇ ਗੱਲ ਵਿਗਾੜੀ ਹੈ। ਗਰੇਵਾਲ ਨੇ ਪੰਜਾਬ ਦੇ ਕਿਸਾਨਾਂ ਪ੍ਰਤੀ ਜੋ ਖੁੰਦਕੀ, ਜ਼ਹਿਰੀਲੀ ਭਾਸ਼ਾ ਵਰਤੀ ਹੈ, ਇਸ ਭਾਸ਼ਾ ਕਰਕੇ ਵਰਕਰਾਂ ਨੂੰ ਕਿਸਾਨਾਂ ਦਾ 80 ਫੀਸਦ ਰੋਹ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੇਵਾਲ ਵਿੱਚ ਜੇ ਦਮ ਹੈ ਤਾਂ ਉਹ ਪਿੰਡਾਂ ਵਿੱਚ ਵੜ੍ਹ ਕੇ ਦਿਖਾਉਣ। ਇੱਕ ਵਾਰ ਇਹ ਆਪਣੀ ਪਾਰਟੀ ਦੇ ਝੰਡੇ ਫੜ੍ਹ ਕੇ ਬਿਨਾਂ ਸਕਿਊਰਿਟੀ ਤੋਂ ਪਿੰਡਾਂ ਵਿੱਚ ਜਾ ਕੇ ਵੇਖਣ, ਭਾਵੇਂ ਸਕਿਊਰਿਟੀ ਵੀ ਲੈ ਜਾਣ, ਪਰ ਪਿੰਡਾਂ ਵਿੱਚ ਉਨ੍ਹਾਂ ਦਾ ਵਿਰੋਧ ਹੁੰਦਾ ਹੈ। ਇਸ ਤਰ੍ਹਾਂ ਦੀ ਭਾਸ਼ਾ ਬੋਲ ਕੇ ਡੈੱਡਲਾਕ ਵਧਾਇਆ ਜਾ ਰਿਹਾ ਹੈ। ਇਸ ਭਾਸ਼ਾ ਦਾ ਖਮਿਆਜ਼ਾ ਬਾਕੀ ਸਾਰੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਭਾਸ਼ਾ ਵਰਕਰਾਂ ਦੀ ਕੁੱਟਮਾਰ ਨੂੰ ਉਕਸਾ ਰਹੀ ਹੈ। ਚੰਡੀਗੜ੍ਹ ਤੋਂ ਬਾਹਰ ਉਹ ਨਿਕਲਦੇ ਨਹੀਂ ਹਨ। ਉਹ ਜਿੱਥੇ ਵੀ ਜਾਂਦੇ ਹਨ, ਵੱਡੀ ਗਿਣਤੀ ਵਿੱਚ ਸਕਿਊਰਿਟੀ ਲੈ ਕੇ ਜਾਂਦੇ ਹਨ। ਮੈਨੂੰ ਬਹੁਤ ਸਾਰੇ ਵਰਕਰਾਂ ਦੇ ਵੀ ਫੋਨ ਆਏ ਹਨ, ਜੋ ਇਹੀ ਕਹਿ ਰਹੇ ਹਨ ਕਿ ਇਸ ਮਸਲੇ ਦਾ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ ਹੈ। ਜੇ ਬੀਜੇਪੀ ਨੂੰ ਬਚਾਉਣਾ ਹੈ ਤਾਂ ਮਸਲੇ ਦਾ ਹੱਲ ਛੇਤੀ ਹੀ ਕੱਢਣਾ ਪਵੇਗਾ।

ਗਰੇਵਾਲ ਦਾ ਜੋਸ਼ੀ ਨੂੰ ਜਵਾਬ

ਗਰੇਵਾਲ ਨੇ ਅਨਿਲ ਜੋਸ਼ੀ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਦਾ ਬੋਲਦੇ ਹਨ ਤਾਂ ਹਰੇਕ ਬੀਜੇਪੀ ਵਰਕਰ ਦਾ ਖੂਨ ਖੌਲਦਾ ਹੈ, ਕੀ ਜੋਸ਼ੀ ਦਾ ਖੂਨ ਨਹੀਂ ਖੌਲਦਾ। ਉਨ੍ਹਾਂ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਹੈ। ਅਨਿਲ ਜੋਸ਼ੀ ਕਹਿ ਰਹੇ ਹਨ ਕਿ ਬੀਜੇਪੀ ਵਾਲੇ ਪਿੰਡਾਂ ਵਿੱਚ ਜਾ ਕੇ ਦੱਸਣ, ਕੀ ਇਹ ਬੀਜੇਪੀ ਵਾਲੇ ਨਹੀਂ ਹਨ। ਮਤਲਬ ਕੀ ਇਹ ਪਾਰਟੀ ਤੋਂ ਅਲੱਗ ਹੈ। ਜੇ ਬੀਜੇਪੀ ਕਿਤੇ ਕੰਮ (perform) ਨਹੀਂ ਕਰ ਸਕਦੀ ਤਾਂ ਇਹ ਇਨ੍ਹਾਂ ਦੀ ਅਣਖ ਨੂੰ ਵੀ ਵੰਗਾਰ ਹੈ। ਇਹ ਵੀ ਤਾਂ ਪੰਜਾਬ ਬੀਜੇਪੀ ਦਾ ਹਿੱਸਾ ਹਨ। ਸਾਡੀ ਸੁਰੱਖਿਆ ਹੋਵੇ ਜਾਂ ਨਾ ਹੋਵੇ, ਅਸੀਂ ਪਿੰਡਾਂ ਵਿੱਚ ਜਾਵਾਂਗੇ ਕਿਉਂਕਿ ਸਾਨੂੰ ਪਾਰਟੀ ਚਲਾਉਣੀ ਹੈ। ਸਾਰਿਆਂ ਨੂੰ ਪਾਰਟੀ ਦੇ ਅਨੁਸ਼ਾਸਣ ਵਿੱਚ ਰਹਿਣਾ ਚਾਹੀਦਾ ਹੈ, ਔਖੇ ਸਮੇਂ ਵਿੱਚ ਪਾਰਟੀ ਦੀ ਲੀਡਰਸ਼ਿਪ ‘ਤੇ ਸਵਾਲ ਨਹੀਂ ਚੁੱਕਣੇ ਚਾਹੀਦੇ।

Exit mobile version