The Khalas Tv Blog India ਉੱਤਰ ਪ੍ਰਦੇਸ਼ ’ਚ ਗ੍ਰੰਥੀ ਸਿੰਘ ਦੀ ਨਬਾਲਗ ਧੀ ਨਾਲ ਜਬਰਜਨਾਹ! ਜਥੇਦਾਰ ਵੱਲੋਂ CM ਯੋਗੀ ਨੂੰ ਹਫ਼ਤੇ ਦਾ ਅਲਟੀਮੇਟਮ
India Punjab Religion

ਉੱਤਰ ਪ੍ਰਦੇਸ਼ ’ਚ ਗ੍ਰੰਥੀ ਸਿੰਘ ਦੀ ਨਬਾਲਗ ਧੀ ਨਾਲ ਜਬਰਜਨਾਹ! ਜਥੇਦਾਰ ਵੱਲੋਂ CM ਯੋਗੀ ਨੂੰ ਹਫ਼ਤੇ ਦਾ ਅਲਟੀਮੇਟਮ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਜ਼ਿਲ੍ਹਾ ਪੀਲੀਭੀਤ ਨੇੜਲੇ ਪਿੰਡ ਟਿੱਪਰੀਆਂ ਮਝਰਾ ਵਿਖੇ ਇੱਕ ਗ੍ਰੰਥੀ ਸਿੰਘ ਦੀ ਨਬਾਲਗ ਧੀ ਨੂੰ ਅਗਵਾਹ ਤੇ ਜਬਰਜਨਾਹ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਵਿੱਚ ਪੁਲਿਸ ਦੀ ਢਿੱਲਮੱਠ ’ਤੇ ਸਖ਼ਤ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਸਾਰੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਿੱਖ ਸੰਗਤਾਂ ਨੂੰ ਆਪਣੇ ਪੱਧਰ ’ਤੇ ਵੱਡੀ ਤੇ ਸਖ਼ਤ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਗੁਰਦੁਆਰਾ ਸਾਹਿਬ ਪਿੰਡ ਟਿੱਪਰੀਆਂ ਮਝਰਾ ਤਹਿਸੀਲ ਪੂਰਨਪੁਰ, ਜ਼ਿਲ੍ਹਾ ਪੀਲੀਭੀਤ ਉੱਤਰ ਪ੍ਰਦੇਸ਼ ਦੇ ਗ੍ਰੰਥੀ ਸਿੰਘ ਦੀ 13 ਸਾਲਾ ਬੱਚੀ ਨੂੰ ਕੁਝ ਵਿਅਕਤੀਆਂ ਵਲੋਂ ਅਗਵਾਹ ਕਰਕੇ ਉਸ ਨਾਲ ਜਬਰਜਨਾਹ ਕਰਨ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਬੱਚੀ ਨੇ ਅਦਾਲਤ ਵਿੱਚ ਆਪਣੇ ਬਿਆਨਾਂ ਦੌਰਾਨ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਹੈ ਪਰ ਉੱਥੋਂ ਦੀਆਂ ਸੰਗਤਾਂ ਤੋਂ ਪਤਾ ਲੱਗਾ ਹੈ ਕਿ ਸਥਾਨਕ ਪੁਲਿਸ ਅਧਿਕਾਰੀ ਦੋ ਰਸੂਖਵਾਨ ਮੁਲਜ਼ਮਾਂ ਦਾ ਪੱਖ ਪੂਰ ਰਹੇ ਹਨ ਅਤੇ ਸ਼ਰ੍ਹੇਆਮ ਆਖ ਰਹੇ ਹਨ ਕਿ ਕਿਸੇ ਵੀ ਸੂਰਤ ਵਿੱਚ ਉਨ੍ਹਾਂ ਦੇ ਖ਼ਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ।

ਗਿਆਨੀ ਰਘਬੀਰ ਸਿੰਘ ਨੇ ਸਖ਼ਤ ਲਹਿਜੇ ਵਿਚ ਆਖਿਆ ਕਿ ਗ੍ਰੰਥੀ ਸਿੰਘ ਤੇ ਉਸ ਦੇ ਪਰਿਵਾਰ ਦੇ ਨਾਲ ਪੂਰੀ ਸਿੱਖ ਕੌਮ ਖੜ੍ਹੀ ਹੈ ਤੇ ਉੱਤਰ ਪ੍ਰਦੇਸ਼ ਪੁਲਿਸ ਤੇ ਸਰਕਾਰ ਕਿਸੇ ਭੁਲੇਖੇ ਵਿੱਚ ਨਾ ਰਹੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤਾਂ ਬੜੇ ਦਾਅਵੇ ਕਰਦੇ ਹਨ ਕਿ ਉਨ੍ਹਾਂ ਦੇ ਰਾਜ ਵਿਚ ਕਿਸੇ ਧੀ-ਭੈਣ ਨਾਲ ਇਕ ਚੌਂਕ ਵਿੱਚ ਬਦਸਲੂਕੀ ਕਰਨ ਵਾਲਾ ਅਗਲੇ ਚੌਂਕ ਵਿਚ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਇਕ ਗ੍ਰੰਥੀ ਸਿੰਘ ਦੀ ਨਬਾਲਗ ਧੀ ਦੇ ਅਗਵਾਕਾਰਾਂ ਤੇ ਬਲਾਤਕਾਰੀਆਂ ਦੇ ਖ਼ਿਲਾਫ਼ ਸਰਕਾਰ ਦਾ ਕਾਨੂੰਨ ਕਿੱਥੇ ਚਲਾ ਗਿਆ ਹੈ?

ਉਨ੍ਹਾਂ ਕਿਹਾ ਕਿ ਜੇ ਇੱਕ ਹਫ਼ਤੇ ਦੇ ਅੰਦਰ ਉੱਤਰ ਪ੍ਰਦੇਸ਼ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸਿੱਖ ਸੰਗਤਾਂ ਗ੍ਰੰਥੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਪੱਧਰ ’ਤੇ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੀਆਂ। ਜੇ ਲੋੜ ਪਈ ਤਾਂ ਇਨਸਾਫ ਲੈਣ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖ਼ੁਦ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਫਿਰ ਇਸ ਦੇ ਸਾਰੇ ਸਿੱਟਿਆਂ ਦੀ ਜ਼ਿੰਮੇਵਾਰ ਉੱਤਰ ਪ੍ਰਦੇਸ਼ ਸਰਕਾਰ ਖ਼ੁਦ ਹੋਵੇਗੀ।

Exit mobile version