ਮਾਛੀਵਾੜਾ ਸਾਹਿਬ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਕੁਹਾੜਾ ਰੋਡ ‘ਤੇ ਹੋਏ ਸੜਕ ਹਾਦਸੇ ਵਿਚ ਆਪਣੇ ਦਾਦਾ ਦੇ ਨਾਲ ਸਕੂਲ ਤੋਂ ਪਰਤ ਰਹੀ ਪੋਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਆ ਬੈਂਸ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਦਾਦਾ ਵਿਜੈ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਪੋਤੀ ਜੋਆ ਬੈਂਸ ਨੂੰ ਮੋਟਰਸਾਈਕਲ ‘ਤੇ ਕੁਹਾੜਾ ਰੋਡ ’ਤੇ ਸਥਿਤ ਪ੍ਰਾਈਵੇਟ ਸਕੂਲ ਤੋਂ ਛੁੱਟੀ ਹੋਣ ਉਪਰੰਤ ਵਾਪਸ ਘਰ ਲੈ ਕੇ ਪਰਤ ਰਿਹਾ ਸੀ। ਜਿਵੇਂ ਹੀ ਹੁਣ ਇੰਦਰਾ ਕਾਲੋਨੀ ਦੇ ਗੁਰਦੁਆਰਾ ਸਾਹਿਬ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਤੂੜੀ ਨਾਲ ਭਰੀ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਦੋਵੇਂ ਦਾਦਾ-ਪੋਤੀ ਸੜਕ ‘ਤੇ ਡਿੱਗ ਗਏ।
ਇਸ ਦੌਰਾਨ ਪਿੱਛੇ ਤੋਂ ਆ ਰਿਹਾ ਟਿੱਪਰ ਸੜਕ ‘ਤੇ ਡਿੱਗੀ ਬੱਚੀ ਜੋਆ ਬੈਂਸ ‘ਤੇ ਚੜ੍ਹ ਗਿਆ ਜਿਸ ਨਾਲ ਟਾਇਰ ਉਸ ਦੇ ਸਿਰ ਦੇ ਉਪਰੋਂ ਲੰਘ ਗਿਆ। ਜ਼ਖਮੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਵਿਚ ਮ੍ਰਿਤਕ ਜੋਆ ਬੈਂਸ ਦੇ ਦਾਦਾ ਵਿਜੇ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਬੱਚੀ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਬੱਚੀ ਜੋਆ ਬੈਂਸ ਸਮਾਜਿਕ ਵਰਕਰ ਰੇਣੂ ਬੈਂਸ ਦੀ ਪੋਤੀ ਸੀ । ਹਾਦਸੇ ਦਾ ਕਾਰਨ ਬਣੇ ਟਿੱਪਰ ਤੇ ਟਰਾਲੇ ਨੂੰ ਵੀ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।