The Khalas Tv Blog Punjab ਸੇਵਾਮੁਕਤ ਪਟਵਾਰੀਆਂ ਦਾ ਦੁਬਾਰਾ ਨੌਕਰੀ ਕਰਨ ਦਾ ਚਾਅ ਮੁੱਕਿਆ
Punjab

ਸੇਵਾਮੁਕਤ ਪਟਵਾਰੀਆਂ ਦਾ ਦੁਬਾਰਾ ਨੌਕਰੀ ਕਰਨ ਦਾ ਚਾਅ ਮੁੱਕਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਠੇਕੇ ਦਾ ਆਧਾਰ ਉੱਤੇ ਸੇਵਾਮੁਕਤ ਪਟਵਾਰੀਆਂ ਦੀ ਭਰਤੀ ਕਰਨ ਲਈ ਅਰਜ਼ੀ ਦੇਣ ਦਾ ਸਮਾਂ 30 ਜੂਨ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਡੇਢ ਸੌ ਅਸਾਮੀਆਂ ਠੇਕੇ ਉੱਤੇ ਭਰਨ ਦਾ ਫੈਸਲਾ ਲਿਆ ਸੀ ਪਰ ਹੁਣ ਤੱਕ 48 ਭਰੀਆਂ ਗਈਆਂ ਹਨ ਅਤੇ ਰਹਿੰਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਤਰੀਕ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਪਟਵਾਰੀਆਂ ਦੀਆਂ 40 ਫ਼ੀਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ ਅਤੇ ਇੱਕ ਪਟਵਾਰੀ ਨੂੰ ਦੋ ਤੋਂ ਤਿੰਨ ਪਟਵਾਰਖਾਨਿਆਂ ਦਾ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ।

ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ 48 ਸੇਵਾਮੁਕਤ ਪਟਵਾਰੀਆਂ ਨੂੰ ਇੱਕ ਸਾਲ ਲਈ ਠੇਕੇ ਦੇ ਆਧਾਰ ‘ਤੇ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ 25,000 ਪ੍ਰਤੀ ਮਹੀਨਾ ਨਿਸ਼ਚਿਤ ਤਨਖ਼ਾਹ ਦਿੱਤੀ ਜਾਵੇਗੀ ਅਤੇ ਇਨ੍ਹਾਂ ਦੀ ਭਰਤੀ ਨਾਲ ਲਗਭਗ 150 ਪਟਵਾਰ ਸਰਕਲਾਂ ਵਿੱਚ ਕੰਮਕਾਜ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ ਤਾਂ ਜੋ ਮਾਲ ਵਿਭਾਗ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਰੁਟੀਨ ਦੇ ਕੰਮਾਂ ਲਈ ਵਧੇਰੇ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਨਿਯੁਕਤੀਆਂ ਸਿਰਫ਼ ਪੇਂਡੂ ਖੇਤਰਾਂ ਲਈ ਕੀਤੀਆਂ ਗਈਆਂ ਹਨ ਅਤੇ ਚੁਣੇ ਗਏ ਪਟਵਾਰੀ ਸਿੱਧੇ ਤੌਰ ‘ਤੇ ਮਾਲ ਰਿਕਾਰਡ ਵਿੱਚ ਕਿਸੇ ਕਿਸਮ ਦੀ ਤਬਦੀਲੀ ਕਰਨ ਲਈ ਅਧਿਕਾਰਤ ਨਹੀਂ ਹੋਣਗੇ ਅਤੇ ਇਹ ਆਪਣੇ ਸਬੰਧਤ ਏ.ਐੱਸ.ਐੱਮ./ਡੀ.ਐੱਸ.ਐੱਮ. ਰਾਹੀਂ ਹੀ ਕੰਮ ਕਰਨਗੇ।

ਉਨ੍ਹਾਂ ਨੇ ਦੱਸਿਆ ਕਿ ਇਸ ਅਸਾਮੀ ਲਈ ਬਿਨੈ ਕਰਨ ਦੀ ਵੱਧ ਤੋਂ ਵੱਧ ਉਮਰ 64 ਸਾਲ ਹੈ ਅਤੇ ਬਿਨੈਕਾਰ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਜਾਂਚ ਪੈਂਡਿੰਗ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਯੋਗ ਸੇਵਾਮੁਕਤ ਪਟਵਾਰੀ 30 ਜੂਨ, 2022 ਨੂੰ ਸ਼ਾਮ 5 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਮਰਾ ਨੰ. 212, ਸਦਰ ਕਾਨੂੰਨਗੋ ਸ਼ਾਖਾ ਵਿੱਚ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।

ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਿਨੈਕਾਰ ਨੂੰ ਅਰਜ਼ੀ ਦੇ ਨਾਲ ਸਮਰੱਥ ਅਥਾਰਟੀ ਵੱਲੋਂ ਜਾਰੀ ਆਪਣੇ ਸੇਵਾਮੁਕਤੀ ਦੇ ਹੁਕਮਾਂ ਦੀ ਕਾਪੀ ਨਾਲ ਨੱਥੀ ਕਰਨੀ ਹੋਵੇਗੀ। ਨਾਲ ਹੀ ਹਲਫੀਆ ਬਿਆਨ ਦੇਣਾ ਹੋਵੇਗਾ, ਜਿਸ ਵਿੱਚ ਲਿਖਿਆ ਹੋਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਗਈ ਅਤੇ ਨਾ ਹੀ ਉਸ ਖਿਲਾਫ਼ ਕੋਈ ਕੋਰਟ ਕੇਸ/ਜਾਂਚ/ਐਫ.ਆਈ.ਆਰ. ਪੈਂਡਿੰਗ ਹੈ।

Exit mobile version