The Khalas Tv Blog India VIP ਨੰਬਰ ਲਈ 1.17 ਕਰੋੜ ਦੀ ਬੋਲੀ ਲਾ ਕੇ ਮੁੱਕਰਿਆ ਕਾਰੋਬਾਰੀ, ਹੁਣ ਸਰਕਾਰ ਕਰੇਗੀ ਜਾਂਚ
India

VIP ਨੰਬਰ ਲਈ 1.17 ਕਰੋੜ ਦੀ ਬੋਲੀ ਲਾ ਕੇ ਮੁੱਕਰਿਆ ਕਾਰੋਬਾਰੀ, ਹੁਣ ਸਰਕਾਰ ਕਰੇਗੀ ਜਾਂਚ

ਬਿਊਰੋ ਰਿਪੋਰਟ (4 ਦਸੰਬਰ 2025): ਚੰਡੀਗੜ੍ਹ – ਹਰਿਆਣਾ ਦਾ VIP ਨੰਬਰ ਪਲੇਟ HR88B8888 ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੰਬਰ ਪਲੇਟ ਨੂੰ ਹਾਸਲ ਕਰਨ ਲਈ ਇੱਕ ਕਾਰੋਬਾਰੀ ਨੇ 1.17 ਕਰੋੜ ਰੁਪਏ ਦੀ ਰਿਕਾਰਡ ਬੋਲੀ ਲਗਾਈ ਸੀ, ਜਿਸ ਕਾਰਨ ਇਹ ਭਾਰਤ ਦੀ ਸਭ ਤੋਂ ਮਹਿੰਗੀ VIP ਨੰਬਰ ਪਲੇਟ ਅਖਵਾਉਣ ਲੱਗੀ ਸੀ। ਪਰ ਬਾਅਦ ਵਿੱਚ, ਸਭ ਤੋਂ ਵੱਧ ਬੋਲੀ ਲਗਾਉਣ ਵਾਲਾ ਹਿਸਾਰ ਦਾ ਕਾਰੋਬਾਰੀ ਸੁਧੀਰ ਕੁਮਾਰ ਪਿੱਛੇ ਹਟ ਗਿਆ, ਜਿਸ ਕਾਰਨ ਇਹ ਡੀਲ ਅਧੂਰੀ ਰਹਿ ਗਈ।

ਹੁਣ ਇਹ ਨੰਬਰ ਪਲੇਟ ਦੁਬਾਰਾ ਨੀਲਾਮੀ ਲਈ ਰੱਖੀ ਜਾਵੇਗੀ। ਪਰ ਦੂਜੇ ਪਾਸੇ, ਰਿਕਾਰਡ ਬੋਲੀ ਲਗਾਉਣ ਵਾਲੇ ਕਾਰੋਬਾਰੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਕਿਉਂਕਿ ਸਰਕਾਰ ਹੁਣ ਉਸਦੀ ਆਮਦਨ ਅਤੇ ਜਾਇਦਾਦ ਦੀ ਜਾਂਚ ਕਰਵਾਏਗੀ।

ਆਮਦਨ ਤੇ ਜਾਇਦਾਦ ਦੀ ਹੋਵੇਗੀ ਜਾਂਚ

ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਰਾਜ ਵਿੱਚ ਹਾਲ ਹੀ ਵਿੱਚ HR 88 B 8888 ਨੰਬਰ ਲਈ ਔਨਲਾਈਨ ਨਿਲਾਮੀ ਦੌਰਾਨ ਇੱਕ ਵਿਅਕਤੀ ਨੇ 1 ਕਰੋੜ 17 ਲੱਖ ਰੁਪਏ ਦੀ ਸਭ ਤੋਂ ਉੱਚੀ ਬੋਲੀ ਲਗਾਈ ਸੀ। ਬੋਲੀ ਲਗਾਉਣ ਤੋਂ ਬਾਅਦ ਉਸ ਵਿਅਕਤੀ ਨੇ ਆਪਣੀ ਸੁਰੱਖਿਆ ਰਾਸ਼ੀ ਜ਼ਬਤ ਹੋਣ ਦਿੱਤੀ, ਇਸ ਲਈ ਹੁਣ ਉਸਦੀ ਜਾਇਦਾਦ ਅਤੇ ਆਮਦਨ ਦੀ ਜਾਂਚ ਕਰਵਾਈ ਜਾਵੇਗੀ। ਇਹ ਦੇਖਿਆ ਜਾਵੇਗਾ ਕਿ ਅਸਲ ਵਿੱਚ ਉਸ ਵਿਅਕਤੀ ਦੀ ਆਰਥਿਕ ਸਮਰੱਥਾ 1 ਕਰੋੜ 17 ਲੱਖ ਰੁਪਏ ਦੀ ਬੋਲੀ ਲਗਾਉਣ ਦੀ ਹੈ ਵੀ ਜਾਂ ਨਹੀਂ।

ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਫੈਂਸੀ ਅਤੇ ਵੀ.ਵੀ.ਆਈ.ਪੀ. ਵਾਹਨ ਨੰਬਰ ਨਿਲਾਮੀ ਪ੍ਰਣਾਲੀ ਰਾਹੀਂ ਅਲਾਟ ਕੀਤੇ ਜਾਂਦੇ ਹਨ, ਜੋ ਕਿ ਨਾ ਸਿਰਫ ਪ੍ਰਤਿਸ਼ਠਾ ਦਾ ਵਿਸ਼ਾ ਹੈ, ਬਲਕਿ ਸਰਕਾਰ ਦੇ ਮਾਲੀਏ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।

ਆਮਦਨ ਟੈਕਸ ਵਿਭਾਗ ਨੂੰ ਭੇਜਿਆ ਜਾਵੇਗਾ ਪੱਤਰ

ਅਨਿਲ ਵਿੱਜ ਨੇ ਅੱਗੇ ਕਿਹਾ ਕਿ ਬੋਲੀ ਲਗਾਉਣ ਤੋਂ ਬਾਅਦ ਪੈਸੇ ਜਮ੍ਹਾਂ ਨਾ ਕਰਵਾਉਣ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਬੋਲੀ ਲਗਾਉਣਾ ਸਿਰਫ ਸ਼ੌਕ ਬਣਦਾ ਜਾ ਰਿਹਾ ਹੈ, ਨਾ ਕਿ ਜ਼ਿੰਮੇਵਾਰੀ।

ਉਨ੍ਹਾਂ ਕਿਹਾ, “ਮੈਂ ਟਰਾਂਸਪੋਰਟ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜਿਸ ਵਿਅਕਤੀ ਨੇ ਇਹ ਬੋਲੀ ਲਗਾਈ, ਉਸਦੀ ਜਾਇਦਾਦ ਅਤੇ ਆਮਦਨ ਦੀ ਪੂਰੀ ਜਾਂਚ ਕਰਵਾਈ ਜਾਵੇ।” ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਆਮਦਨ ਟੈਕਸ ਵਿਭਾਗ (Income Tax Department) ਨੂੰ ਵੀ ਪੱਤਰ ਭੇਜਿਆ ਜਾ ਰਿਹਾ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਗਲਤ ਜਾਣਕਾਰੀ ਜਾਂ ਬਿਨਾਂ ਆਰਥਿਕ ਸਮਰੱਥਾ ਦੇ ਬੋਲੀ ਨਾ ਲਗਾ ਸਕੇ।

ਜ਼ਿਕਰਯੋਗ ਹੈ ਕਿ ਚਰਖੀ ਦਾਦਰੀ ਦੇ ਬਾਢੜਾ ਉਪਮੰਡਲ ਦੇ ‘HR88B8888’ ਨੰਬਰ ਲਈ ਹੋਈ ਔਨਲਾਈਨ ਨਿਲਾਮੀ ਵਿੱਚ ਹਿਸਾਰ ਦੇ ਕਾਰੋਬਾਰੀ ਸੁਧੀਰ ਕੁਮਾਰ ਨੇ 1.17 ਕਰੋੜ ਰੁਪਏ ਦੀ ਬੋਲੀ ਲਗਾਈ ਸੀ ਅਤੇ 11,000 ਰੁਪਏ ਸੁਰੱਖਿਆ ਰਾਸ਼ੀ ਜਮ੍ਹਾਂ ਕਰਵਾਈ ਸੀ, ਪਰ ਆਖਰੀ ਮਿਤੀ ‘ਤੇ ਉਸਨੇ ਬਾਕੀ ਪੈਸੇ ਜਮ੍ਹਾਂ ਨਹੀਂ ਕਰਵਾਏ।

Exit mobile version