ਇੰਡੀਗੋ ਏਅਰਲਾਈਨ ‘ਤੇ ਲਗਾਤਾਰ ਅੱਠ ਦਿਨਾਂ ਤੋਂ ਚੱਲ ਰਹੇ ਸੰਕਟ ਕਾਰਨ ਕੇਂਦਰ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਉੱਚ-ਪੱਧਰੀ ਮੀਟਿੰਗ ਵਿੱਚ ਇੰਡੀਗੋ ਦੀਆਂ ਰੋਜ਼ਾਨਾ ਉਡਾਣਾਂ ਵਿੱਚ 5% ਕਟੌਤੀ ਕਰਨ ਦਾ ਫੈਸਲਾ ਲਿਆ ਗਿਆ। ਇਹ ਕਟੌਤੀ ਖਾਸ ਕਰਕੇ ਉੱਚ-ਮੰਗ ਅਤੇ ਉੱਚ-ਆਵਿਰਤੀ ਵਾਲੇ ਰੂਟਾਂ ‘ਤੇ ਲਾਗੂ ਹੋਵੇਗੀ। ਨਤੀਜੇ ਵਜੋਂ ਇੰਡੀਗੋ ਦੀਆਂ 2,300 ਰੋਜ਼ਾਨਾ ਉਡਾਣਾਂ ਵਿੱਚੋਂ ਲਗਭਗ 115 ਰੋਜ਼ਾਨਾ 115 ਉਡਾਣਾਂ ਘਟਾਈਆਂ ਜਾਣਗੀਆਂ।
ਏਅਰਲਾਈਨ ਨੂੰ ਬੁੱਧਵਾਰ (10 ਦਸੰਬਰ 2025) ਸ਼ਾਮ 5 ਵਜੇ ਤੱਕ DGCA ਨੂੰ ਸੋਧਿਆ ਹੋਇਆ ਸਮਾਂ-ਸਾਰਣੀ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਘਟਾਈਆਂ ਗਈਆਂ ਉਡਾਣਾਂ ਦੇ ਸਲਾਟ ਹੋਰ ਏਅਰਲਾਈਨਾਂ ਨੂੰ ਅਲਾਟ ਕਰ ਦਿੱਤੇ ਗਏ ਹਨ।
ਸਰਕਾਰ ਨੇ ਮੌਜੂਦਾ ਸਥਿਤੀ ਦੀ ਨਿਗਰਾਨੀ ਲਈ ਦੇਸ਼ ਦੇ 10 ਸਭ ਤੋਂ ਵਿਅਸਤ ਹਵਾਈ ਅੱਡਿਆਂ – ਮੁੰਬਈ, ਬੰਗਲੁਰੂ, ਹੈਦਰਾਬਾਦ, ਕੋਲਕਾਤਾ, ਚੇਨਈ, ਅਹਿਮਦਾਬਾਦ, ਪੁਣੇ, ਗੁਹਾਟੀ, ਗੋਆ ਅਤੇ ਤਿਰੂਵਨੰਤਪੁਰਮ ‘ਤੇ ਡਿਪਟੀ ਸੈਕਟਰੀ, ਡਾਇਰੈਕਟਰ ਅਤੇ ਸੰਯੁਕਤ ਸੈਕਟਰੀ ਪੱਧਰ ਦੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਹਨ। ਇਹ ਅਧਿਕਾਰੀ ਯਾਤਰੀਆਂ ਨੂੰ ਹੋ ਰਹੀਆਂ ਅਸੁਵਿਧਾਵਾਂ ਦਾ ਜਾਇਜ਼ਾ ਲੈਣਗੇ।
ਮੰਗਲਵਾਰ ਨੂੰ ਵੀ ਇੰਡੀਗੋ ਦੀਆਂ ਸੈਂਕੜੇ ਉਡਾਣਾਂ ਰੱਦ ਹੋਈਆਂ। ਸਵੇਰੇ 10:30 ਵਜੇ ਤੱਕ ਬੰਗਲੁਰੂ ਅਤੇ ਹੈਦਰਾਬਾਦ ਤੋਂ ਹੀ 180 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ। ਚੰਡੀਗੜ੍ਹ ਹਵਾਈ ਅੱਡੇ ‘ਤੇ ਵੀ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ, ਜਿੱਥੇ ਸਵੇਰੇ 5:00 ਅਤੇ 5:45 ਵਜੇ ਦੀਆਂ ਦੋ ਉਡਾਣਾਂ ਅਚਾਨਕ ਰੱਦ ਕਰ ਦਿੱਤੀਆਂ ਗਈਆਂ।
ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਲੋਕ ਸਭਾ ਵਿੱਚ ਕਿਹਾ ਕਿ ਇੰਡੀਗੋ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ, ਯਾਤਰੀ ਸੁਰੱਖਿਆ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣਗੇ ਅਤੇ ਰੱਦ ਉਡਾਣਾਂ ਲਈ ਤੁਰੰਤ ਰਿਫੰਡ ਦੇਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ।
ਇੰਡੀਗੋ ਨੇ ਦਾਅਵਾ ਕੀਤਾ ਕਿ 15 ਦਸੰਬਰ ਤੱਕ ਰੱਦ ਉਡਾਣਾਂ ਲਈ ₹827 ਕਰੋੜ ਦੇ ਰਿਫੰਡ ਪ੍ਰਕਿਰਿਆ ਕੀਤੇ ਜਾ ਚੁੱਕੇ ਹਨ। 1-7 ਦਸੰਬਰ ਵਿਚਕਾਰ 9,500 ਤੋਂ ਵੱਧ ਹੋਟਲ ਕਮਰੇ, 10,000 ਕੈਬ/ਬੱਸਾਂ ਦਿੱਤੀਆਂ ਗਈਆਂ ਅਤੇ 4,500 ਤੋਂ ਵੱਧ ਬੈਗ ਵਾਪਸ ਕਰ ਦਿੱਤੇ ਗਏ ਹਨ। ਬਾਕੀ 36 ਘੰਟਿਆਂ ਵਿੱਚ ਪਹੁੰਚ ਜਾਣਗੇ। ਏਅਰਲਾਈਨ ਮੁਤਾਬਕ ਹੁਣ ਉਸਦੇ ਸੰਚਾਲਨ ਸਥਿਰ ਹੋ ਗਏ ਹਨ, ਰੋਜ਼ਾਨਾ 1,800+ ਉਡਾਣਾਂ ਚੱਲ ਰਹੀਆਂ ਹਨ ਅਤੇ 91% ਉਡਾਣਾਂ ਸਮੇਂ ਸਿਰ ਉੱਖੀਆਂ ਜਾ ਰਹੀਆਂ ਹਨ।


