ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ (Parambans Singh Bunty Romana) ਨੇ ਪ੍ਰੈਸ ਕਾਨਫਰੰਸ ਕਰਕੇ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਪ੍ਰਦੀਪ ਕਲੇਰ ਨੂੰ ਘੇਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ‘ਤੇ ਪ੍ਰਦੀਪ ਕਲੇਰ ਨਾਲ ਮਿਲ ਕੇ ਕੰਮ ਕਰਨ ਦਾ ਅਰੋਪ ਲਗਾਇਆ ਹੈ। ਬੰਟੀ ਰੋਮਾਣਾ ਨੇ ਕਿਹਾ ਕਿ ਪ੍ਰਦੀਪ ਕਲੇਰ ਬੇਅਦਬੀ ਕੇਸ, ਪੋਸਟਰ ਲਗਾਉਣ ਅਤੇ ਅੰਗ ਖਿਲਾਰਣ ਦੇ ਤਿੰਨਾਂ ਮਾਮਲਿਆਂ ਵਿੱਚ ਮੁੱਖ ਦੋਸ਼ੀ ਹੈ ਅਤੇ ਇਹ ਪੁਲਿਸ ਦੇ ਰਿਕਾਰਡ ਵਿੱਚ 6 ਸਾਲਾਂ ਤੋਂ ਪੀਓ ਹੈ। ਪਰ ਪੁਲਿਸ ਵੀ ਪ੍ਰਦੀਪ ਕਲੇਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਪੁਲਿਸ ’ਤੇ ਵੱਡਾ ਅਰੋਪ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਪ੍ਰਦੀਪ ਕਲੇਰ ਨੂੰ ਸਮਝੌਤੇ ਤਹਿਤ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰੀ ਤੋਂ 2 ਮਹੀਨੇ ਬਾਅਦ ਜ਼ਮਾਨਤ ’ਤੇ ਛੱਡ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਦੀਪ ਕਲੇਰ ਦੇ ਖਿਲਾਫ ਬਾਜਾਖਾਨਾ ਥਾਣੇ ਦੀਆਂ ਤਿੰਨ ਮਾਮਲੇ ਦਰਜ ਹਨ। ਪਰ ਪ੍ਰਦੀਪ ਕਲੇਰ ਨੂੰ ਇਕ ਮਾਮਲੇ ਵਿੱਚ ਕਿਉਂ ਗ੍ਰਿਫਤਾਰੀ ਕੀਤਾ ਗਿਆ। ਦੂਜੇ ਦੋਵੇਂ ਮਾਮਲਿਆਂ ਵਿੱਚ ਉਸ ਦੀ ਗ੍ਰਿਫਤਾਰੀ ਕਿਉਂ ਨਹੀਂ ਪਾਈ ਗਈ। ਰੋਮਾਣਾ ਨੇ ਕਿਹਾ ਕਿ ਐਫਆਈਆਰ ਨੰਬਰ 63 ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਫਿਰ ਜਮਾਨਤ ਦੇ ਦਿੱਤੀ ਗਈ ਪਰ ਦੂਜੇ ਦੋਵੇਂ ਮਾਮਲੇ ਵਿੱਚ ਇਸ ਨੂੰ ਰਾਹਤ ਕਿਉਂ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੇ ਬਾਕੀ ਦੋਵਾਂ ਮਾਮਲਿਆਂ ਦੇ ਚਾਲਾਨ ਦੀਆਂ ਕਾਪੀਆ ਵੀ ਦਿਖਾਈਆਂ। ਉਨ੍ਹਾਂ ਕਿਹਾ ਕਿ ਪ੍ਰਦੀਪ ਕਲੇਰ ਇਨ੍ਹਾਂ ਦੋਵੇਂ ਮਾਮਲਿਆ ਵਿੱਚ ਪੀਓ ਘੋਸ਼ਿਤ ਹੈ।
ਸਰਕਾਰ ਕਲੇਰ ਦੀ ਪੂਰੀ ਮਦਦ ਕਰ ਰਹੀ
ਬੰਟੀ ਰੋਮਾਣਾ ਨੇ ਸਰਕਾਰ ਅਤੇ ਪੁਲਿਸ ’ਤੇ ਵੱਡਾ ਇਲਜਾਮ ਲਗਾਉਂਦਿਆਂ ਕਿਹਾ ਕਿ ਪ੍ਰਦੀਪ ਕਲੇਰ ਨੂੰ ਇਹ ਕਰਕੇ ਛੱਡ ਦਿੱਤਾ ਗਿਆ ਕਿ ਜੇਕਰ ਉਸ ਨੇ ਅਕਾਲੀ ਦਲ ਦੇ ਖਿਲਾਫ ਕੰਮ ਨਾ ਕੀਤਾ ਤਾਂ ਬਾਕੀ ਦੋਵਾਂ ਮਾਮਲਿਆ ਵਿੱਚ ਉਸ ਦੀ ਗ੍ਰਿਫਤਾਰੀ ਬਾਅਦ ਵਿੱਚ ਪਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਮ ਰਹਿਮ ਖਿਲਾਫ 295-ਏ ਦੇ ਤਹਿਤ ਸਰਕਾਰ ਮਾਮਲਾ ਚਲਾਉਣ ਦੀ ਮਨਜ਼ੂਰੀ ਕਿਉਂ ਨਹੀ ਦੇ ਰਹੀ। ਸਰਕਾਰ ਨੇ ਇਸ ਮਾਮਲੇ ਵਿੱਚ ਹੋਰ ਦੋਸ਼ੀਆਂ ਖਿਲਾਫ ਮਾਮਲਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਰਾਮ ਰਹਿਮ ਦੀ ਕਿਉਂ ਰੋਕ ਕੇ ਰੱਖੀ ਹੋਈ ਹੈ। ਰੋਮਾਣਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਵੀ ਐਸਆਈਟੀ ਨੇ ਚਿੱਠੀ ਲਿਖ ਕੇ ਰਾਮ ਰਹਿਮ ਖਿਲਾਫ 295-ਏ ਚਲਾਉਣ ਲਈ ਮਨਜੂਰੀ ਮੰਗੀ ਸੀ ਪਰ ਨਹੀਂ ਦਿੱਤੀ ਗਈ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੋਂ ਜਵਾਬ ਮੰਗਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਬਾਕੀ ਰਹਿੰਦੇ ਦੋਵੇਂ ਕੇਸਾਂ ਵਿੱਚ ਵੀ ਪ੍ਰਦੀਪ ਕਲੇਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪੀਓ ਹੋਣ ਦੇ ਬਾਵਜੂਦ ਉਸ ਨੂੰ ਥਾਣੇ ਵਿੱਚੋਂ ਭਜਾਉਣ ਵਾਲਿਆਂ ਖਿਲਾਫ ਕਾਰਵਾਈ ਹੋਵੇ। ਇਸ ਦੇ ਨਾਲ ਹੀ ਹਨੀਪ੍ਰੀਤ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 24 ਘੰਟਿਆਂ ਦੇ ਅੰਦਰ ਰਾਮ ਰਹਿਮ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਵੇ। ਰੋਮਾਣਾ ਨੇ ਕਿਹਾ ਕਿ 164 ਦੇ ਵਿੱਚ ਹਨੀਪ੍ਰੀਤ ਦੇ ਬਿਆਨ ਹੋ ਚੁੱਕੇ ਹਨ ਪਰ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ – ਅਰਵਿੰਦ ਕੇਜਰੀਵਾਲ ਦੇ ਚਾਚੇ ਦੇ ਮੁੰਡੇ ਦੇ ਘਰ ਵਾਪਰੀ ਵੱਡੀ ਘਟਨਾ, ਪਹੁੰਚੀ ਪੁਲਿਸ