The Khalas Tv Blog Punjab ਸਰਕਾਰ ਦਾ ਨਰਸਾਂ ਨੂੰ ਤੋਹਫਾ
Punjab

ਸਰਕਾਰ ਦਾ ਨਰਸਾਂ ਨੂੰ ਤੋਹਫਾ

ਦ ਖ਼ਾਲਸ ਬਿਊਰੋ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਵਿਜੇ ਸਿੰਗਲਾ ਨੇ ਅੱਜ ਕੌਮਾਂਤਰੀ ਨਰਸ ਦਿਵਸ ਮੌਕੇ ਸੂਬੇ ਦੀਆਂ ਨਰਸਾਂ ਨੂੰ ਬਡਮੁੱਲਾ ਤੋਹਫਾ ਦਿੱਤਾ ਹੈ।  ਪੰਜਾਬ ਦੇ ਹਸਪਤਾਲਾ ਵਿੱਚ ਕੰਮ ਕਰਦੀਆਂ ਨਰਸਾਂ ਨੂੰ ਮਰੀਜ਼ ਹੁਣ ਨਰਸਿੰਗ ਸਿਸਟਰ ਨਹੀਂ ਸਗੋਂ ਨਰਸਿੰਗ ਅਫ਼ਸਰ ਕਹਿ ਕੇ ਬੁਲਾਇਆ ਕਰਨਗੇ।  ਡਾ. ਵਿਜੇ ਸਿੰਗਲਾ, ਅੱਜ ਫਲੋਰੈਂਸ ਨਾਈਟਿੰਗੇਲ ਦੀ ਜਨਮ ਵਰ੍ਹੇਗੰਢ ਮੌਕੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਪੰਜਾਬ ਨਰਸਿੰਗ ਐਸੋਸੀਏਸ਼ਨ ਤੇ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਕਰਵਾਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸਨ।  ਦੱਸਣਯੋਗ ਹੈ ਕਿ ਪੀਜੀਆਈ ਦੀਆਂ ਨਰਸਾਂ ਨੂੰ ਕਈ ਚਿਰ ਪਹਿਲਾਂ ਇਹ ਤੋਹਫਾ ਦੇ ਦਿੱਤਾ ਗਿਆ ਸੀ। ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਸਿੰਗ ਸਟਾਫ਼ ਵੱਲੋਂ ਮਰੀਜਾਂ ਦੀ ਸਾਂਭ-ਸੰਭਾਲ ਅਤੇ ਕੋਵਿਡ ਮਹਾਂਮਾਰੀ ‘ਚ ਨਿਭਾਈਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਨਰਸਿੰਗ ਸਟਾਫ਼ ਦੀਆਂ ਮੰਗਾਂ ਨੂੰ ਮੰਨਣ ਸਮੇਤ ਨਰਸਿੰਗ ਸਿਸਟਰਜ਼ ਦੇ ਅਹੁਦੇ ਨੂੰ ਨਰਸਿੰਗ ਅਫ਼ਸਰ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਰਸਿੰਗ ਸਟਾਫ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ‘ਤੇ ਪੱਕੀ ਭਰਤੀ ਕਰਨ ਲਈ ਵੀ ਵਚਨਬੱਧ ਹੈ।
ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕੌਮਾਂਤਰੀ ਨਰਸ ਦਿਵਸ ਦੇ ਇਸ ਵਰ੍ਹੇ ਦੇ ਥੀਮ, ਵਿਸ਼ਵ ਭਰ ‘ਚ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਨਰਸਿੰਗ ਪੇਸ਼ੇ ‘ਚ ਸੁਰੱਖਿਆ, ਸਮਰਥਨ ਅਤੇ ਨਿਵੇਸ਼ ਕਰਨ ਦੀ ਲੋੜ ‘ਤੇ ਕੇਂਦਰਿਤ ਹੋਣ, ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਰਸਿੰਗ ਸਟਾਫ਼ ਦੀਆਂ ਲੋੜਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਸਮਾਂਬੱਧ ਤਰੱਕੀ ਸਮੇਤ ਨਰਸਿੰਗ ਅਮਲੇ ਦੀ ਕੋਈ ਵੀ ਮੰਗ ਬਕਾਇਆ ਨਹੀਂ ਰਹੇਗੀ।
ਇਸ ਮੌਕੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਕਨਵੀਨਰ ਪਰਮਜੀਤ ਕੌਰ ਸੰਧੂ ਅਤੇ ਰਾਜਿੰਦਰਾ ਹਸਪਤਾਲ ਦੀ ਨਰਸਿੰਗ ਸੁਪਰਡੈਂਟ ਮਨਜੀਤ ਕੌਰ ਧਾਲੀਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਸਿਹਤ ਮੰਤਰੀ ਤੇ ਹੋਰ ਮਹਿਮਾਨਾਂ ਨੂੰ ਸਨਮਾਨਤ ਕੀਤਾ।
ਇਸ ਤੋਂ ਪਹਿਲਾਂ ਵਿਧਾਇਕ ਡਾ. ਬਲਬੀਰ ਸਿੰਘ ਨੇ ਨਰਸਿੰਗ ਅਫ਼ਸਰਾਂ ਨੂੰ ਭਾਈ ਘਨੱਈਆ ਜੀ ਦੇ ਅਸਲ ਵਾਰਸ ਦੱਸਦਿਆਂ ਕਿਹਾ ਕਿ ਹੁਣ ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣੀਆਂ ਮੰਗਾਂ ਮੰਨਵਾਉਣ ਲਈ ਕੋਈ ਸੰਘਰਸ਼ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਵਿਖੇ 25 ਲੱਖ ਰੁਪਏ ਦੀਆਂ ਐਮਰਜੈਂਸੀ ਦਵਾਈਆਂ ਭੇਜੀਆਂ ਹਨ। ਅਜੀਤ ਪਾਲ ਸਿੰਘ ਕੋਹਲੀ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਨਰਸਿੰਗ ਅਮਲੇ ਨੂੰ ਧਰਤੀ ਦੇ ਫ਼ਰਿਸਤੇ ਦੱਸਦਿਆਂ ਇਨ੍ਹਾਂ ਵੱਲੋਂ ਨਿਭਾਂਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

Exit mobile version