‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗੂਗਲ ਭਾਰਤੀ ਏਅਰਟੈੱਲ ‘ਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਗੂਗਲ ਦੇ ਇਸ ਫੈਸਲੇ ਨਾਲ ਏਅਰਟੈੱਲ ਨੂੰ ਆਪਣਾ ਡਿਜੀਟਲ ਦਾਇਰਾ ਵਧਾਉਣ ‘ਚ ਮਦਦ ਮਿਲੇਗੀ। ਭਾਰਤੀ ਏਅਰਟੈੱਲ ਨੇ ਇਹ ਜਾਣਕਾਰੀ ਦਿੱਤੀ ਹੈ। ਸਮਝੌਤੇ ਮੁਤਾਬਕ ਗੂਗਲ 70 ਕਰੋੜ ਡਾਲਰ ਦਾ ਨਿਵੇਸ਼ ਕਰਕੇ ਭਾਰਤੀ ਏਅਰਟੈੱਲ ‘ਚ 1.28 ਫੀਸਦੀ ਹਿੱਸੇਦਾਰੀ ਲਵੇਗਾ। ਇਸ ਤੋਂ ਇਲਾਵਾ ਗੂਗਲ ਆਉਣ ਵਾਲੇ ਸਮੇਂ ‘ਚ ਵਪਾਰਕ ਸਮਝੌਤਿਆਂ ‘ਚ 30 ਕਰੋੜ ਡਾਲਰ ਦਾ ਨਿਵੇਸ਼ ਕਰੇਗਾ।
ਜਾਣਕਾਰੀ ਮੁਤਾਬਕ ਗੂਗਲ ਭਾਰਤੀ ਏਅਰਟੈੱਲ ‘ਚ 734 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ‘ਤੇ 1.28 ਫੀਸਦੀ ਹਿੱਸੇਦਾਰੀ ਖਰੀਦੇਗਾ। ਏਅਰਟੈੱਲ ਦੁਆਰਾ ਜਾਰੀ ਕੀਤੀ ਗਈ ਰੀਲੀਜ਼ ਦੇ ਅਨੁਸਾਰ, ਗੂਗਲ ਸਸਤੇ ਫੋਨ ਵਿਕਸਤ ਕਰਨ ਅਤੇ 5ਜੀ ਤਕਨਾਲੋਜੀ ਦੀ ਖੋਜ ਕਰਨ ਲਈ ਭਾਰਤੀ ਏਅਰਟੈੱਲ ਦੇ ਨਾਲ ਮਿਲ ਕੇ ਕੰਮ ਕਰੇਗਾ। ਮੌਜੂਦਾ ਸਮੇਂ ‘ਚ ਏਅਰਟੈੱਲ ਦੇ ਪ੍ਰਮੋਟਰ ਗਰੁੱਪ – ਮਿੱਤਲ ਪਰਿਵਾਰ ਅਤੇ ਸਿੰਗਟੇਲ ਦੇ ਕੋਲ 55.93 ਫੀਸਦੀ ਹਿੱਸੇਦਾਰੀ ਹੈ। ਮਿੱਤਲ ਪਰਿਵਾਰ ਕੋਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਲਗਭਗ 24.13 ਫੀਸਦੀ ਹਿੱਸੇਦਾਰੀ ਹੈ, ਜਦੋਂ ਕਿ ਸਿੰਗਟੇਲ ਦੀ 31.72 ਫੀਸਦੀ ਹਿੱਸੇਦਾਰੀ ਹੈ।